ਮਧੂਬਨੀ (ਨੇਹਾ): ਬਿਹਾਰ ਦੇ ਮਧੂਬਨੀ ਜ਼ਿਲੇ ਦੇ ਖਜੌਲੀ ਅਤੇ ਰਾਜਨਗਰ ਰੇਲਵੇ ਸਟੇਸ਼ਨਾਂ ਵਿਚਾਲੇ ਸ਼ੁੱਕਰਵਾਰ ਨੂੰ ਆਨੰਦ ਵਿਹਾਰ (ਨਵੀਂ ਦਿੱਲੀ) ਜਾ ਰਹੀ ਗਰੀਬ ਰਥ ਟਰੇਨ ਦਾ ਇੰਜਣ ਡੱਬਿਆਂ ਤੋਂ ਵੱਖ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗਰੀਬ ਰਥ ਐਕਸਪ੍ਰੈਸ (ਟਰੇਨ ਨੰਬਰ 12435) ਜੈਨਗਰ ਤੋਂ ਆਨੰਦ ਬਿਹਾਰ ਜਾ ਰਹੀ ਸੀ। ਖਜੌਲੀ ਅਤੇ ਰਾਜਨਗਰ ਰੇਲਵੇ ਸਟੇਸ਼ਨਾਂ ਵਿਚਕਾਰ ਅਚਾਨਕ ਟਰੇਨ ਦਾ ਇੰਜਣ ਅਤੇ ਕੋਚ ਵੱਖ ਹੋ ਗਏ। ਇੰਜਣ ਡੱਬੇ ਤੋਂ ਵੱਖ ਹੋਣ ਤੋਂ ਬਾਅਦ ਹਫੜਾ-ਦਫੜੀ ਮੱਚ ਗਈ।
ਬੋਗੀ ਦੇ ਵੱਖ ਹੋਣ ਤੋਂ ਬਾਅਦ ਇੰਜਣ ਕਰੀਬ ਇੱਕ ਕਿਲੋਮੀਟਰ ਦੂਰ ਜਾ ਚੁੱਕਾ ਸੀ। ਹਾਲਾਂਕਿ ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਇਸ ਦੌਰਾਨ ਪੂਰਬੀ ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ) ਸਰਸਵਤੀ ਚੰਦਰਾ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਕਰੀਬ 12:43 ਵਜੇ ਵਾਪਰੀ। ਉਨ੍ਹਾਂ ਕਿਹਾ ਕਿ ਘਟਨਾ ਬਾਰੇ ਅਧਿਕਾਰੀਆਂ ਨੂੰ ਪਤਾ ਲੱਗਣ ਤੋਂ ਬਾਅਦ ਦੁਪਹਿਰ 1:10 ਵਜੇ ਤੱਕ ਇੰਜਣ ਨੂੰ ਹੋਰ ਬੋਗੀਆਂ ਨਾਲ ਜੋੜ ਦਿੱਤਾ ਗਿਆ, ਜਿਸ ਤੋਂ ਬਾਅਦ ਰੇਲਗੱਡੀ ਨੂੰ ਅੱਗੇ ਜਾਣ ਲਈ ਮਨਜ਼ੂਰੀ ਦਿੱਤੀ ਗਈ। ਟਰੇਨ ਦੀ ਬੋਗੀ ਦੇ ਵੱਖ ਹੋਣ ਅਤੇ ਘਟਨਾ ਕਾਰਨ ਟਰੇਨ 45 ਮਿੰਟ ਤੱਕ ਉੱਥੇ ਹੀ ਰੁਕੀ ਰਹੀ।