by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਮਰਾਲਾ ਦੇ ਪਿੰਡ ਕੋਟਲਾ ਵਿਖੇ ਇੱਕ ਨੌਜਵਾਨ ਵੱਲੋਂ ਪਹਿਲਾਂ ਆਪਣੀ ਮੰਗੇਤਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕੁੜੀ ਦੇ ਪਿਤਾ ਓਮ ਸਿੰਘ ਅਤੇ ਮਾਤਾ ਕੁਸਮ ਲਤਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਸੀ। ਉਨ੍ਹਾਂ ਨੇ ਆਪਣੀ ਧੀ ਮਨੀਸ਼ਾ ਦੀ ਮੰਗਣੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਰਹਿੰਦੇ ਸੰਨੀ ਕੁਮਾਰ ਨਾਲ ਕੀਤੀ ਸੀ। ਸੰਨੀ ਕੁਮਾਰ ਭੱਠੇ ਉੱਪਰ ਕੁਆਰਟਰ 'ਚ ਆਇਆ ਤਾਂ ਕੁੜੀ ਦਾ ਪਿਤਾ ਕੋਲਡ ਡਰਿੰਕ ਲੈਣ ਚਲਾ ਗਿਆ।
ਸੰਨੀ ਨੇ ਕੁੜੀ ਦੀ ਮਾਤਾ ਕੁਸਮ ਨੂੰ ਕਿਹਾ ਕਿ ਉਸ ਨੇ ਆਪਣੀ ਮੰਗੇਤਰ ਨਾਲ ਕੋਈ ਗੱਲ ਕਰਨੀ ਹੈ। ਕੁੜੀ ਦੀ ਮਾਤਾ ਕੁਆਰਟਰ 'ਚੋਂ ਬਾਹਰ ਨਿਕਲ ਆਈ ਤਾਂ ਇਸ ਮਗਰੋਂ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਸੰਨੀ ਨੇ ਮਨੀਸ਼ਾ ਦੇ ਸਿਰ 'ਚ ਗੋਲੀ ਮਾਰੀ ਤੇ ਇਸ ਮਗਰੋਂ ਭੱਜ ਗਿਆ ਤੇ ਥੋੜ੍ਹੀ ਦੂਰੀ 'ਤੇ ਜਾ ਕੇ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ।