ਨਿਊਜ਼ ਡੈਸਕ (ਰਿੰਪੀ ਸ਼ਰਮਾ): ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੋਂ ਇਕ ਕਿੱਲੋਮੀਟਰ ਨੇੜੇ ਸਰਕਾਰੀ ਸਕੂਲ 'ਚ ਪੇਪਰ ਦੇਣ ਆਏ 10ਵੀਂ ਜਮਾਤ ਦੇ ਵਿਦਿਆਰਥੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਜ਼ਖਮੀ ਹੋਏ ਅਮਿਤ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ 'ਚ ਪੜ੍ਹਦਾ ਹੈ 'ਤੇ ਉਹ ਪੇਪਰ ਦੇਣ ਲਈ ਸਕੂਲ ਆ ਰਿਹਾ ਸੀ।
ਇਸ ਦੌਰਾਨ ਰਾਹ 'ਚ ਮੋਟਰਸਾਈਕਲ ਸਵਾਰ ਨੌਜਵਾਨਾਂ ਨਾਲ ਉਸ ਦੀ ਟੱਕਰ ਹੋ ਗਈ। ਉਨ੍ਹਾਂ ਨਾਲ ਬਹਿਸਬਾਜ਼ੀ ਤੋਂ ਬਾਅਦ ਉਹ ਆਪਣੇ ਸਕੂਲ ਆ ਗਿਆ। ਇਸ ਦੇ ਕੁੱਝ ਦੇਰ ਬਾਅਦ 4 ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਸਕੂਲ 'ਚ ਆ ਗਏ ਅਤੇ ਉਨ੍ਹਾਂ ਨੇ ਉਸ 'ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਪੀੜਤ ਵਿਦਿਆਰਥੀ ਦੇ ਪਿਤਾ ਦਾ ਕਹਿਣਾ ਹੈ ਕਿ ਪੁੱਤਰ 'ਤੇ ਜੋ ਜਾਨਲੇਵਾ ਹਮਲਾ ਹੋਇਆ ਹੈ, ਉਸ 'ਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਮੈਂ ਸਕੂਲ ਪ੍ਰਸ਼ਾਸਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨਾਲ ਪੱਲਾ ਝਾੜਦੇ ਹੋਏ ਕਿਹਾ ਕਿ ਅਸੀਂ ਸਕੂਲ 'ਚ ਕਿਸੇ ਨੂੰ ਆਉਣ ਤੋਂ ਕਿਵੇਂ ਰੋਕ ਸਕਦੇ ਹਾਂ, ਸਾਨੂੰ ਨਹੀਂ ਪਤਾ ਕਿ ਬਾਹਰੋਂ ਕਿਸ ਨੇ ਆ ਕੇ ਹਮਲਾ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।