ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਰੀਦਕੋਟ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪਿੰਡ ਢਿਲਵਾਂ 'ਚ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਨੌਜਵਾਨ ਦੀ ਪਛਾਣ ਹਰਭਗਵਾਨ ਸਿੰਘ ਦੇ ਰੂਪ 'ਚ ਹੋਈ ਹੈ ,ਜੋ ਬਿਜਲੀ ਮੁਰੰਮਤ ਦਾ ਕੰਮ ਕਰਦਾ ਸੀ ਤੇ ਪਿੰਡ ਦੀ ਪੰਚਾਇਤ ਵਲੋਂ ਬਣਾਈ ਨਸ਼ੇ ਵਿਰੋਧੀ ਕਮੇਟੀ ਦਾ ਮੈਬਰ ਸੀ। ਦੱਸਿਆ ਜਾ ਰਿਹਾ ਨਸ਼ਾ ਵਿਰੋਧੀ ਕਮੇਟੀ ਵਲੋਂ ਆਪਣੇ ਪਿੰਡ 'ਚ ਨਸ਼ੇ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ।
ਇਸ ਦੌਰਾਨ ਹਰਭਗਵਾਨ ਸਿੰਘ ਤੇ ਕਮੇਟੀ ਦੇ ਹੋਰ ਮੈਬਰਾਂ ਵਲੋਂ 2 ਨਸ਼ੇੜੀਆਂ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਪਿੰਡ ਦੇ ਅਮਨਦੀਪ ਸਿੰਘ ਕੋਲੋਂ ਨਸ਼ਾ ਖਰੀਦਿਆ ਸੀ । ਇਸ ਦੌਰਾਨ ਹੋਏ ਵਿਵਾਦ 'ਚ ਅਮਨਦੀਪ ਸਿੰਘ ਨੇ ਹਰਭਗਵਾਨ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ ।
ਜਿਸ ਤੋਂ ਬਾਅਦ ਦੋਸ਼ੀ ਅਮਨਦੀਪ ਮੋਟਰਸਾਈਕਲ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ । ਜਖ਼ਮੀ ਹਾਲਤ ਵਿਚ ਹਰਭਗਵਾਨ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਵਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।