ਮਹਾਰਾਸ਼ਟਰ (ਜਸਪ੍ਰੀਤ): ਮਹਾਰਾਸ਼ਟਰ 'ਚ ਪੁਲਸ ਦੇ ਡਿਪਟੀ ਕਮਿਸ਼ਨਰ (ਹੈੱਡਕੁਆਰਟਰ) ਸ਼ੀਲਵੰਤ ਨਾਂਦੇੜਕਰ ਦੇ 17 ਸਾਲਾ ਇਕਲੌਤੇ ਪੁੱਤਰ ਸਾਹਿਲ ਨੇ ਖੁਦਕੁਸ਼ੀ ਕਰ ਲਈ ਹੈ, ਜਿਸ ਨਾਲ ਆਸ-ਪਾਸ ਦੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਸਾਹਿਲ ਆਪਣੇ ਪਿੱਛੇ ਸੁਸਾਈਡ ਨੋਟ ਛੱਡ ਗਿਆ ਹੈ। ਸ਼ੁੱਕਰਵਾਰ ਨੂੰ ਸਾਹਿਲ ਨੇ ਪਰਿਵਾਰ ਅਤੇ ਦੋਸਤਾਂ ਨਾਲ ਦੁਸਹਿਰਾ ਮਨਾਇਆ। ਉਸ ਨੇ ਸਨੇਹਨਗਰ ਇਲਾਕੇ 'ਚ ਸਥਿਤ 'ਜਿਗਿਆਸਾ' ਬੰਗਲੇ 'ਚ ਆਪਣੇ ਮਾਤਾ-ਪਿਤਾ ਨਾਲ ਰਾਤ ਦਾ ਖਾਣਾ ਅਤੇ ਮਸਤੀ ਕੀਤੀ। ਅੱਧੀ ਰਾਤ ਤੋਂ ਬਾਅਦ ਉਸ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਉਹ ਪੜ੍ਹਨ ਲਈ ਆਪਣੇ ਬੈੱਡਰੂਮ ਜਾ ਰਿਹਾ ਹੈ।
ਐਤਵਾਰ ਸਵੇਰੇ ਕਰੀਬ 6 ਵਜੇ ਜਦੋਂ ਡੀਸੀਪੀ ਨਾਂਦੇੜਕਰ ਸਵੇਰ ਦੀ ਸੈਰ ਲਈ ਉੱਠੇ ਅਤੇ ਆਪਣੇ ਬੇਟੇ ਨੂੰ ਜਗਾਉਣ ਗਏ ਤਾਂ ਉਨ੍ਹਾਂ ਨੇ ਦਰਵਾਜ਼ਾ ਅੰਦਰੋਂ ਬੰਦ ਦੇਖਿਆ। ਕਈ ਵਾਰ ਖੜਕਾਉਣ ਤੋਂ ਬਾਅਦ ਜਦੋਂ ਕੋਈ ਜਵਾਬ ਨਾ ਆਇਆ ਤਾਂ ਉਸ ਨੇ ਖਿੜਕੀ ਵਿੱਚੋਂ ਝਾਕ ਕੇ ਦੇਖਿਆ ਤਾਂ ਉਸ ਦਾ ਲੜਕਾ ਲਟਕ ਰਿਹਾ ਸੀ। ਡੀਸੀਪੀ ਨੇ ਤੁਰੰਤ ਪੁਲੀਸ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਸਾਹਿਲ ਦੀ ਲਾਸ਼ ਨੂੰ ਦਰਵਾਜ਼ਾ ਤੋੜ ਕੇ ਹੇਠਾਂ ਲਿਆਂਦਾ ਗਿਆ ਅਤੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਅਤੇ ਪ੍ਰਤਾਪਨਗਰ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ।