ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਰਾਸ਼ਟਰਪਤੀ ਦੀ ਚੋਣ ਮੁੜ ਜਿੱਤ ਲਈ ਹੈ। ਉਹਨਾਂ ਨੂੰ 57.24 ਫੀਸਦੀ ਵੋਟ ਮਿਲੇ ਹਨ ਜਦਕਿ ਵਿਰੋਧੀ ਨੇਤਾ ਮਰੀਨ ਲੇ ਪੇਨ ਨੂੰ 42.76 ਫੀਸਦੀ ਵੋਟ ਮਿਲੇ। ਫਰਾਂਸ ਦੇ ਮੁੜ ਰਾਸ਼ਟਰਪਤੀ ਚੁਣੇ ਜਾਣ 'ਤੇ ਦੇਸ਼ ਦੇ ਲੋਕਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ 'ਧੰਨਵਾਦ' ਕਿਹਾ ਤੇ ਉਨ੍ਹਾਂ ਨੂੰ ਪੰਜ ਸਾਲਾਂ ਲਈ ਸੱਤਾ ਸੌਂਪਣ ਵਾਲੇ ਲੋਕਾਂ ਦੀ ਪ੍ਰਸ਼ੰਸਾ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਮੈਨੁਅਲ ਮੈਕਰੋਂ ਨੂੰ ਫਰਾਂਸ ਦੇ ਰਾਸ਼ਟਰਪਤੀ ਦੇ ਤੌਰ 'ਤੇ ਮੁੜ ਚੁਣੇ ਜਾਣ 'ਤੇ ਵਧਾਈ ਦਿੱਤੀ । ਮੋਦੀ ਨੇ ਟਵੀਟ ਕੀਤਾ,''ਮੇਰੇ ਦੋਸਤ ਇਮੈਨੁਅਲ ਮੈਕਰੋਂ ਨੂੰ ਫਰਾਂਸ ਦੇ ਰਾਸ਼ਟਰਪਤੀ ਵਜੋਂ ਦੁਬਾਰਾ ਚੁਣੇ ਜਾਣ 'ਤੇ ਵਧਾਈ। ਮੈਂ ਭਾਰਤ ਅਤੇ ਫਰਾਂਸ ਦਰਮਿਆਨ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਲਈ ਉਹਨਾਂ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ।'
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅਸੀਂ ਕੈਨੇਡਾ ਅਤੇ ਫਰਾਂਸ ਦੇ ਲੋਕਾਂ ਲਈ ਸਭ ਤੋਂ ਮਹੱਤਵਪੂਰਨ ਮੁੱਦਿਆਂ 'ਤੇ ਆਪਣਾ ਕੰਮ ਜਾਰੀ ਰੱਖਣ ਦੀ ਉਮੀਦ ਰੱਖਦੇ ਹਾਂ, ਜਿਸ ਵਿੱਚ ਲੋਕਤੰਤਰ ਦੀ ਰੱਖਿਆ, ਜਲਵਾਯੂ ਤਬਦੀਲੀ ਨਾਲ ਲੜਨ, ਚੰਗੀਆਂ ਨੌਕਰੀਆਂ ਪੈਦਾ ਕਰਨ ਅਤੇ ਮੱਧ ਵਰਗ ਲਈ ਆਰਥਿਕ ਵਿਕਾਸ ਸ਼ਾਮਲ ਹਨ।