ਲੁਧਿਆਣਾ (ਰਾਘਵ): ਉਸਾਰੀ ਅਧੀਨ ਫੈਕਟਰੀ ਦੀਆਂ ਕੰਧਾਂ ਟੱਪ ਕੇ ਅੰਦਰ ਦਾਖਲ ਹੋਏ ਅੱਧਾ ਦਰਜਨ ਤੋਂ ਵੱਧ ਬਦਮਾਸ਼ਾਂ ਨੇ ਸਕਿਓਰਿਟੀ ਗਾਰਡ ਨੂੰ ਬੰਧਕ ਬਣਾ ਕੇ ਅੰਦਰੋਂ ਭਾਰੀ ਮਾਤਰਾ ਵਿੱਚ ਸਰੀਆ ਲੁੱਟ ਲਿਆ । ਮੁਲਜ਼ਮ ਸਰੀਏ ਨੂੰ ਇੱਕ ਟਰੱਕ ਵਿੱਚ ਲੋਡ ਕਰਕੇ ਰਫੂ ਚੱਕਰ ਹੋ ਗਏ । ਜਾਣਕਾਰੀ ਦਿੰਦਿਆਂ ਸ਼੍ਰੀ ਭੈਣੀ ਸਾਹਿਬ ਦੇ ਰਹਿਣ ਵਾਲੇ ਸਕਿਓਰਿਟੀ ਗਾਰਡ ਰਣਧੀਰ ਸਿੰਘ ਨੇ ਦੱਸਿਆ ਕਿ ਉਹ ਕੁਹਾੜਾ ਮਾਛੀਵਾੜਾ ਰੋਡ ਤੇ ਪੈਂਦੇ ਪਿੰਡ ਮਾਨਗੜ੍ਹ ਦੀ ਉਸਾਰੀ ਅਧੀਨ ਫੈਕਟਰੀ ਜੈ ਮਾਂ ਇੰਟਰਪ੍ਰਾਈਜਜ਼ ਵਿੱਚ ਬਤੌਰ ਸਕਿਓਰਿਟੀ ਗਾਰਡ ਕੰਮ ਕਰ ਰਿਹਾ ਹੈ। ਦੇਰ ਰਾਤ 12 ਵਜੇ ਦੇ ਕਰੀਬ ਉਹ ਡਿਊਟੀ 'ਤੇ ਤਾਇਨਾਤ ਸੀ , ਇਸੇ ਦੌਰਾਨ ਫੈਕਟਰੀ ਦੀਆਂ ਕੰਧਾਂ ਟੱਪ ਕੇ ਅੱਠ ਤੋਂ ਵੱਧ ਬਦਮਾਸ਼ ਫੈਕਟਰੀ ਦੇ ਅੰਦਰ ਦਾਖਲ ਹੋਏ । ਦੋ ਲੁਟੇਰਿਆਂ ਨੇ ਰਣਧੀਰ ਸਿੰਘ ਨੂੰ ਜੱਫਾ ਪਾ ਕੇ ਦਬੋਚ ਲਿਆ । ਇਸੇ ਦੌਰਾਨ ਬਾਕੀਆਂ ਨੇ ਕਹੀ ਦੇ ਦਸਤੇ ਨਾਲ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਮੁਲਜ]ਮਾਂ ਨੇ ਉਸ ਨੂੰ ਰੱਸੀਆਂ ਨਾਲ ਮੰਜੇ 'ਤੇ ਬੰਨ੍ਹ ਦਿੱਤਾ । ਦੋ ਬਦਮਾਸ਼ ਫੈਕਟਰੀ ਦੇ ਅੰਦਰ ਟਰੱਕ ਲੈ ਕੇ ਆਏ ਅਤੇ ਉਸਾਰੀ ਲਈ ਪਿਆ ਸਾਰਾ ਸਰੀਆ ਟਰੱਕ 'ਤੇ ਲੋਡ ਕਰ ਲਿਆ । ਸਾਰੇ ਬਦਮਾਸ਼ ਟਰੱਕ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ ।
ਸਕਿਓਰਿਟੀ ਗਾਰਡ ਰਣਧੀਰ ਸਿੰਘ ਨੇ ਦੱਸਿਆ ਕਿ ਬੜੀ ਹੀ ਮੁਸ਼ੱਕਤ ਨਾਲ ਉਸਨੇ ਆਪਣੀਆਂ ਰੱਸੀਆਂ ਖੋਹਲੀਆਂ। ਖੁਦ ਨੂੰ ਖੋਲ੍ਹਣ ਲਈ ਉਸ ਨੂੰ ਦੋ ਘੰਟੇ ਦਾ ਸਮਾਂ ਲੱਗ ਗਿਆ । ਰਣਧੀਰ ਸਿੰਘ ਨੇ ਤੁਰੰਤ ਆਪਣੀ ਸਕਿਓਰਿਟੀ ਕੰਪਨੀ ਅਤੇ ਫੈਕਟਰੀ ਦੇ ਮਾਲਕ ਨੂੰ ਵਾਰਦਾਤ ਸਬੰਧੀ ਸੂਚਨਾ ਦਿੱਤੀ । ਘਟਨਾ ਦੀ ਜਾਣਕਾਰੀ ਤੋਂ ਬਾਅਦ ਥਾਣਾ ਕੂਮਕਲਾਂ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਕੇਸ ਦੀ ਤਫਤੀਸ਼ ਸ਼ੁਰੂ ਕੀਤੀ । ਜਾਂਚ ਅਧਿਕਾਰੀ ਏਐਸਆਈ ਜਗਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।