ਵੈੱਬ ਡੈਸਕ (Nri Media) : ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਖਿਲਾਫ ਲੁਧਿਆਣਾ ਪੁਲਸ ਨੂੰ ਇਕ ਸ਼ਿਕਾਇਤ ਮਿਲੀ ਹੈ। ਜਿਸ ਦੇ ਸੰਬੰਧ ਵਿੱਚ ਲੁਧਿਆਣਾ ਪੁਲਸ ਵਲੋਂ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ। ਦਰਅਸਲ ਲੁਧਿਆਣਾ ਦੇ ਇਕ ਆਰ. ਟੀ. ਆਈ. ਵਰਕਰ ਵਲੋਂ ਦੋਵਾਂ ਗਇਕਾਂ ਖਿਲਾਫ ਪੁਲਸ ਨੂੰ ਇਕ ਸ਼ਿਕਾਇਤ ਦਿੰਦੇ ਹੋਏ ਦੋਸ਼ ਲਗਾਇਆ ਗਿਆ ਹੈ ਕਿ ਦੋਵੇਂ ਗਾਇਕ ਹਥਿਆਰਾਂ ਨੂੰ ਉਤਸ਼ਾਹਿਤ ਕਰ ਰਹੇ ਹਨ।
ਜਦਕਿ ਅਜਿਹਾ ਕਰਨਾ ਹਥਿਆਰਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਤੇ ਅਪਰਾਧਾ ਪ੍ਰਤੀ ਨੌਜਵਾਨ ਵਰਗ ਨੂੰ ਗਲਤ ਦਿਸ਼ਾ ਦੇਣਾ ਹੈ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੇ ਇਸ ਸੰਬੰਧੀ ਹਾਈਕੋਰਟ ਦੇ ਉਨ੍ਹਾਂ ਹੁਕਮਾਂ ਦਾ ਹਵਾਲਾ ਵੀ ਦਿੱਤਾ ਹੈ, ਜਿਸ ਵਿੱਚ ਹਾਈਕੋਰਟ ਨੇ ਹਥਿਆਰਾਂ, ਨਸ਼ਾ, ਸ਼ਰਾਬ ਆਦਿ ਨੂੰ ਉਭਾਰਨ ਵਾਲੇ ਗੀਤਾਂ 'ਤੇ ਰੋਕ ਲਗਾਈ ਸੀ। ਦੱਸ ਦਈਏ ਕਿ ਮਾਮਲੇ ਬਾਰੇ ਲੁਧਿਆਣਾ ਪੁਲਸ ਦੇ ਏ ਸੀ ਪੀ ਜਸ਼ਨਦੀਪ ਗਿੱਲ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਂਚ ਦਾ ਕੰਮ ਸੌਂਪਿਆ ਗਿਆ ਹੈ।
ਇਸ ਲਈ ਉਨ੍ਹਾਂ ਦੋਵਾਂ ਗਾਇਕਾਂ ਨੂੰ ਬਿਆਨ ਦੇਣ ਲਈ ਬੁੱਧਵਾਰ ਨੂੰ ਸਵੇਰੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਗਿਆ ਸੀ ਪਰ ਇੰਗਲੈਂਡ ਦੇ ਵਿੱਚ ਸ਼ੌਅ ਹੋਣ ਦੇ ਕਾਰਨ ਪੰਜਾਬੀ ਗਾਇਕ ਮੂਸੇਵਾਲਾ ਅਤੇ ਮਨਕੀਰਤ ਔਲਖ ਨਹੀਂ ਪਹੁੰਚੇ ਸਨ। ਇਸ ਲਈ ਉਨ੍ਹਾਂ ਨੂੰ ਮੁੜ 24 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਪੁਲਸ ਅਧਿਕਾਰੀ ਮੁਤਾਬਕ ਮਾਮਲੇ ਵਿੱਚ ਅਗਲੀ ਕਾਰਵਾਈ ਦੋਵਾਂ ਗਾਇਕਾਂ ਦੇ ਬਿਆਨਾਂ ਤੋਂ ਬਾਅਦ ਹੀ ਅਮਲ ਵਿੱਚ ਲਿਆਂਦੀ ਜਾਵੇਗੀ।