ਲੁਧਿਆਣਾ, 5 ਮਾਰਚ 2024 – ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਅੱਜ 12 ਵਜੇ ਆਪਣੇ ਸੈਂਕੜੇ ਕਾਂਗਰਸੀ ਵਰਕਰਾਂ ਸਮੇਤ ਡੀਸੀ ਦਫ਼ਤਰ ਵਿਖੇ ਆਪਣੀ ਗ੍ਰਿਫ਼ਤਾਰੀ ਦੇਣਗੇ। ਬਿੱਟੂ ਨੇ ਸਮੂਹ ਵਰਕਰਾਂ ਨੂੰ ਫਿਰੋਜ਼ਪੁਰ ਰੋਡ ’ਤੇ ਸਥਿਤ ਫਰੈਂਡਜ਼ ਰੀਜੈਂਸੀ ਦੀ ਪਾਰਕਿੰਗ ’ਤੇ ਪੁੱਜਣ ਦੀ ਅਪੀਲ ਕੀਤੀ ਹੈ। ਬਿੱਟੂ ਨੇ 11 ਵਜੇ ਵਰਕਰਾਂ ਨੂੰ ਬੁਲਾਇਆ ਹੈ। ਇੱਥੋਂ ਉਹ ਸੈਂਕੜੇ ਵਰਕਰਾਂ ਸਮੇਤ ਡੀਸੀ ਦਫ਼ਤਰ ਜਾਣਗੇ।
ਬਿੱਟੂ ਨੇ ਕਿਹਾ ਕਿ ਸਰਕਾਰ ਕਾਂਗਰਸ ਨੂੰ ਦਬਾਉਣਾ ਚਾਹੁੰਦੀ ਹੈ, ਪਰ ਕਾਂਗਰਸੀ ਜ਼ਾਲਮ ਸਰਕਾਰ ਦੇ ਜ਼ੁਲਮਾਂ ਤੋਂ ਡਰਨ ਵਾਲੇ ਨਹੀਂ ਹਨ। ਜੇਕਰ ਸਰਕਾਰ ਝੂਠੇ ਪਰਚੇ ਦੇ ਕੇ ਉਸ ਨੂੰ ਜੇਲ੍ਹ ਭੇਜਣਾ ਚਾਹੁੰਦੀ ਹੈ ਤਾਂ ਉਹ ਡਰਨ ਵਾਲਾ ਨਹੀਂ। ਬਿੱਟੂ ਅਨੁਸਾਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਬਕ ਸਿਖਾਉਣਗੇ।
ਬਿੱਟੂ ਨੇ ਕਿਹਾ ਕਿ ਸਰਕਾਰ ਨੇ ਨਗਰ ਨਿਗਮ ਜ਼ੋਨ-ਏ ਵਿੱਚ ਤਾਲਾ ਲੈ ਕੇ ਜੋ ਪ੍ਰਦਰਸ਼ਨ ਕੀਤਾ ਸੀ, ਉਸ ਦੇ ਵਿਰੋਧ ਵਿੱਚ ਕਾਂਗਰਸੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਬਿੱਟੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਲੁਧਿਆਣਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾਰ, ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਸਮੇਤ 60 ਕਾਂਗਰਸੀਆਂ ਨੂੰ ਐਫਆਈਆਰ ਵਿੱਚ ਨਾਮਜ਼ਦ ਕੀਤਾ ਗਿਆ ਹੈ। 4 ਦਿਨ ਪਹਿਲਾਂ ਬਿੱਟੂ ਨੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਸੀ। ਜਿਸ ਵਿੱਚ ਸਾਰੇ ਸੀਨੀਅਰ ਆਗੂਆਂ ਸਮੇਤ ਕਾਂਗਰਸੀ ਵਰਕਰਾਂ ਨੇ ਗ੍ਰਿਫਤਾਰੀ ਦਾ ਐਲਾਨ ਕੀਤਾ ਸੀ।