
ਲੁਧਿਆਣਾ (ਰਾਘਵ): ਨਗਰ ਨਿਗਮ ਲੁਧਿਆਣਾ ਦੇ ਜਨਰਲ ਹਾਊਸ ਦੀ ਪਹਿਲੀ ਮੀਟਿੰਗ ਵੀਰਵਾਰ ਨੂੰ ਹੋਈ। ਇਸ ਮੀਟਿੰਗ ਵਿਚ 1091 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਮੀਟਿੰਗ ਵਿਚ ਵਿਰੋਧੀ ਧਿਰ ਵੱਲੋਂ ਹੰਗਾਮਾ ਹੋਣ ਕਾਰਨ ਮੇਅਰ ਨੇ ਚਰਚਾ ਪੂਰੀ ਹੋਣ ਤੋਂ ਪਹਿਲਾਂ ਹੀ ਬਜਟ ਪਾਸ ਕਰ ਦਿੱਤਾ। ਦਰਅਸਲ, ਇਸ ਮੀਟਿੰਗ ਵਿਚ ਵਿਰੋਧੀ ਧਿਰ ਦੇ ਕੌਂਸਲਰ ਜ਼ੀਰੋ ਆਵਰ ਦੇਣ ਦੀ ਗੱਲ ਕਰ ਰਹੇ ਸੀ, ਪਰ ਮੇਅਰ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਾਫ਼ ਕਰ ਦਿੱਤਾ ਕਿ ਇਸ ਮੀਟਿੰਗ ਵਿਚ ਸਿਰਫ਼ ਬਜਟ 'ਤੇ ਹੀ ਗੱਲ ਹੋਵੇਗੀ ਤੇ ਹਰ ਪਾਰਟੀ ਦੇ ਇਕ-ਇਕ ਮੈਂਬਰ ਨੂੰ ਹੀ ਬੋਲਣ ਦਾ ਮੌਕਾ ਦਿੱਤਾ ਜਾਵੇਗਾ। ਇਸ ਕਾਰਨ ਕਾਫ਼ੀ ਸ਼ੋਰ-ਸ਼ਰਾਬਾ ਹੋ ਰਿਹਾ ਸੀ, ਜਿਸ ਕਾਰਨ ਮੇਅਰ ਵੱਲੋਂ ਬਜਟ ਨੂੰ ਚਰਚਾ ਪੂਰੀ ਹੋਣ ਤੋਂ ਪਹਿਲਾਂ ਹੀ ਪਾਸ ਕਰ ਦਿੱਤਾ ਗਿਆ ਤੇ ਮੀਟਿੰਗ ਖ਼ਤਮ ਕਰ ਦਿੱਤੀ ਗਈ। ਉੱਥੇ ਹੀ ਕਾਂਗਰਸ ਵੱਲੋਂ ਇਸ ਦਾ ਕਾਫ਼ੀ ਵਿਰੋਧ ਕੀਤਾ ਗਿਆ।