ਨਿਊਜ਼ ਡੈਸਕ (ਜਸਕਮਲ) : ਲੁਧਿਆਣਾ ਕੋਰਟ ਵਿਖੇ ਬੀਤੇ ਦਿਨੀਂ ਕੋਰਟ 'ਚ ਹੋਏ ਧਮਾਕੇ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬ ਪੁਲਿਸ ਦੇ ਇਕ ਬਰਖ਼ਾਸਤ ਹੌਲਦਾਰ ਗਗਨਦੀਪ ਸਿੰਘ ਵੱਲੋਂ ਲੁਧਿਆਣਾ ’ਚ ਹੋਏ ਬੰਬ ਧਮਾਕੇ ਨੂੰ ਅੰਜਾਮ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗਗਨਦੀਪ ਸਿੰਘ ’ਤੇ ਨਸ਼ਿਆਂ ਦੀ ਤਸਕਰੀ ਨਾਲ ਸਬੰਧਤ ਇਕ ਮਾਮਲਾ ਦਰਜ ਹੋਇਆ ਸੀ ਜਿਸ ਦੇ ਆਧਾਰ ’ਤੇ ਉਸ ਨੂੰ ਬਰਖਾਸਤ ਕੀਤਾ ਗਿਆ ਸੀ।
ਇਹ ਸ਼ਖ਼ਸ ਗੁਰੂ ਤੇਗ ਬਹਾਦਰ ਨਗਰ ਖੰਨਾ ਦਾ ਰਹਿਣ ਵਾਲਾ ਹੈ। ਸਾਲ 2019 'ਚ STF ਵੱਲੋਂ ਮੋਹਾਲੀ 'ਚ ਦਰਜ ਕੀਤਾ ਗਿਆ ਤਸਕਰੀ ਨਾਲ ਜੁੜਿਆ ਮਾਮਲਾ ਅਜੇ ਅਦਾਲਤ 'ਚ ਚੱਲ ਰਿਹਾ ਹੈ ਤੇ ਗਗਨਦੀਪ ਸਿੰਘ ਜ਼ਮਾਨਤ ’ਤੇ ਰਿਹਾਅ ਹੋਇਆ ਸੀ। ਪੰਜਾਬ ਪੁਲਿਸ ਨੂੰ ਧਮਾਕੇ ਵਾਲੀ ਥਾਂ ਤੋਂ ਅੱਜ ਇਕ ਮੋਬਾਈਲ ਫੋਨ ਤੇ ਸਿਮ ਕਾਰਡ ਮਿਲਿਆ ਸੀ ਜਿਸ ਦੇ ਆਧਾਰ ’ਤੇ ਪੁਲਿਸ ਨੇ ਤਫਤੀਸ਼ ਨੂੰ ਅੱਗੇ ਵਧਾਉਂਦਿਆਂ ਪਤਾ ਕੀਤਾ ਕਿ ਸੈੱਲੂਲਰ ਕੰਪਨੀ ਵੱਲੋਂ ਜਾਰੀ ਕੀਤਾ ਸਿੰਮ ਤਾਂ ਦਵਿੰਦਰ ਸਿੰਘ ਦੇ ਨਾਮ ’ਤੇ ਜਾਰੀ ਹੋਇਆ ਹੈ, ਪਰ ਲੁਧਿਆਣਾ ਦੇ ਅਦਾਲਤੀ ਕੰਪਲੈਕਸ 'ਚ ਆਰਡੀਐਕਸ ਲੈ ਕੇ ਗਗਨਦੀਪ ਸਿੰਘ ਹੀ ਪਹੁੰਚਿਆ ਸੀ। ਪੁਲਿਸ ਵੱਲੋਂ ਅੱਜ ਦਵਿੰਦਰ ਸਿੰਘ ਸਮੇਤ ਹੋਰਨਾਂ ਕਈ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ 'ਚ ਹੋਰ ਵੱਡੇ ਖੁਲਾਸੇ ਕਰ ਸਕਦੀ ਹੈ। ਇਸ ਦੌਰਾਨ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਗਗਨਦੀਪ ਸਿੰਘ ਜੇਲ੍ਹ ’ਚ ਰਹਿਣ ਦੌਰਾਨ ਅਤਿਵਾਦੀ ਜਥੇਬੰਦੀਆਂ ਦੇ ਸੰਪਰਕ ਵਿਚ ਆਇਆ ਸੀ, ਜਿੱਥੋਂ ਉਸ ਨੂੰ ਧਮਾਕਾ ਕਰਨ ਦੀ ਸਿਖਲਾਈ ਮਿਲੀ ਸੀ। ਸੂਤਰਾਂ ਨੇ ਕਿਹਾ ਕਿ ਧਮਾਕੇ ਲਈ ਵਰਤਿਆ ਆਰਡੀਐੱਕਸ ਪਾਕਿਸਤਾਨ ਤੋਂ ਆਇਆ ਸੀ, ਪਰ ਧਮਾਕੇ ਪਿੱਛੇ ਕਿਸੇ ਅਤਿਵਾਦੀ ਜਥੇਬੰਦੀ ਦਾ ਹੱਥ ਇਸ ਬਾਰੇ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਹੈ।