ਨਿਊਜ਼ ਡੈਸਕ : ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਕਰੀਬ ਪੰਜ ਮਹੀਨਿਆਂ ਬਾਅਦ ਵਧਾਈਆਂ ਗਈਆਂ ਹਨ। ਸਰਕਾਰੀ ਤੇਲ ਕੰਪਨੀਆਂ ਨੇ ਮੰਗਲਵਾਰ ਨੂੰ ਐੱਲਪੀਜੀ ਸਿਲੰਡਰ ਦੇ ਨਵੇਂ ਰੇਟ ਜਾਰੀ ਕੀਤੇ ਹਨ, ਜਿਸ 'ਚ 50 ਰੁਪਏ ਦਾ ਵਾਧਾ ਹੋਇਆ ਹੈ। ਧਿਆਨ ਯੋਗ ਹੈ ਕਿ ਯੂਪੀ ਸਮੇਤ ਪੰਜ ਸੂਬਿਆਂ 'ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੰਪਨੀਆਂ ਨੇ ਲਗਪਗ ਪੰਜ ਮਹੀਨਿਆਂ ਤੋਂ ਐੱਲਪੀਜੀ ਦੀਆਂ ਕੀਮਤਾਂ 'ਚ ਵਾਧਾ ਨਹੀਂ ਕੀਤਾ ਸੀ। ਇਸ ਤੋਂ ਪਹਿਲਾਂ, 6 ਅਕਤੂਬਰ, 2021 ਨੂੰ, ਐੱਲਪੀਜੀ ਦੀਆਂ ਕੀਮਤਾਂ 'ਚ ਆਖਰੀ ਬਦਲਾਅ ਕੀਤਾ ਗਿਆ ਸੀ। ਚੋਣਾਂ ਤੋਂ ਬਾਅਦ ਕੰਪਨੀਆਂ ਨੇ ਇਕ ਵਾਰ ਫਿਰ ਐੱਲਪੀਜੀ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ।
LPG ਗੈਸ ਸਿਲੰਡਰ 'ਚ ਵਾਧੇ ਤੋਂ ਬਾਅਦ ਮੰਗਲਵਾਰ 22 ਮਾਰਚ ਨੂੰ ਦਿੱਲੀ 'ਚ 14 ਕਿਲੋ ਦਾ ਗੈਸ ਸਿਲੰਡਰ 949.5 ਰੁਪਏ ਦਾ ਹੋ ਗਿਆ ਹੈ। ਪਹਿਲਾਂ ਇਹ 899.50 ਰੁਪਏ ਸੀ। ਦਿੱਲੀ ਤੋਂ ਇਲਾਵਾ ਹੋਰ ਮਹਾਨਗਰਾਂ 'ਚ ਵੀ ਐੱਲਪੀਜੀ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ। ਕੋਲਕਾਤਾ 'ਚ ਇਸ ਦੀ ਕੀਮਤ 926 ਰੁਪਏ ਤੋਂ ਵਧ ਕੇ 976 ਰੁਪਏ ਹੋ ਗਈ ਹੈ। ਲਖਨਊ 'ਚ ਹੁਣ ਘਰੇਲੂ ਗੈਸ ਸਿਲੰਡਰ 987.5 ਰੁਪਏ 'ਚ ਮਿਲ ਰਿਹਾ ਹੈ, ਜਦਕਿ ਪਟਨਾ 'ਚ ਇਹ 998 ਰੁਪਏ ਤੋਂ ਵਧ ਕੇ 1039.5 ਰੁਪਏ ਹੋ ਗਿਆ ਹੈ।
ਸਰਕਾਰੀ ਤੇਲ ਕੰਪਨੀਆਂ ਨੇ ਪਿਛਲੇ ਪੰਜ ਮਹੀਨਿਆਂ ਤੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਸੀ। ਇਸ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਰਹੀਆਂ। ਗਲੋਬਲ ਬਾਜ਼ਾਰ 'ਚ ਕਰੂਡ ਦੀ ਕੀਮਤ ਅਜੇ ਵੀ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਹੈ। ਇਸ ਦਬਾਅ ਨੂੰ ਘੱਟ ਕਰਨ ਲਈ ਕੰਪਨੀਆਂ ਨੇ ਐਲਪੀਜੀ ਦੀ ਕੀਮਤ 50 ਰੁਪਏ ਵਧਾ ਦਿੱਤੀ ਹੈ। ਮਾਰਚ 2021 ਤੋਂ, ਐਲਪੀਜੀ ਦੀਆਂ ਕੀਮਤਾਂ ਵਿੱਚ 81 ਰੁਪਏ ਦਾ ਵਾਧਾ ਹੋਇਆ ਸੀ।