ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੰਡਿਆਲਾ ਗੁਰੂ ਸਥਿਤ ਇਕ ਫਾਇਨਾਂਸ ਦਫਤਰ ’ਚ ਹਥਿਆਰਬੰਦ 4 ਨਕਾਬਪੋਸ਼ ਲੁਟੇਰਿਆਂ ਵੱਲੋਂ 10 ਲੱਖ ਦੀ ਨਕਦੀ ਖੋਹ ਕੇ ਫਰਾਰ ਹੋ ਗਏ ਹਨ, ਜਿਸ ਸਬੰਧੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਕੁੰਡਲ, ਜ਼ਿਲ੍ਹਾ ਫਾਜ਼ਿਲਕਾ ਨੇ ਦੱਸਿਆ ਕਿ ਉਹ ਫਿਊਜ਼ਨ ਮਾਈਕਰੋ ਫਾਇਨਾਂਸ ਲਿਮਟਿਡ ’ਚ ਬਤੌਰ ਮੈਨੇਜਰ ਲੱਗਾ ਹੋਇਆ ਹੈ।
ਉਸ ਨੂੰ ਆਪਣੇ ਡੀ. ਐੱਮ. ਵਿਸ਼ਾਲ ਸੈਣੀ ਦਾ ਮੈਸੇਜ ਆਇਆ ਕਿ ਕੈਸ਼ ਜਮ੍ਹਾ ਕਰਵਾਓ, ਜਿਸ ਦੌਰਾਨ ਤੁਰੰਤ ਉਸ ਨੇ ਆਪਣੇ ਸਾਥੀਆਂ ਨਾਲ ਕੁਲੈਕਸ਼ਨ ਸ਼ੁਰੂ ਕਰ ਦਿੱਤੀ । ਇਸ ਦੌਰਾਨ ਅਚਾਨਕ ਮੋਟਰਸਾਈਕਲਾਂ ’ਤੇ ਹਥਿਆਰਬੰਦ 4 ਨਕਾਬਪੋਸ਼ ਦਫਤਰ ’ਚ ਦਾਖਲ ਹੋਏ ਅਤੇ ਹਥਿਆਰਾਂ ਦੀ ਨੋਕ ’ਤੇ 10 ਲੱਖ 34 ਹਜ਼ਾਰ 606 ਰੁਪਏ ਖੋਹ ਕੇ ਫਰਾਰ ਹੋ ਗਏ।
ਡੀ. ਐੱਸ. ਪੀ. ਸੁਖਵਿੰਦਰਪਾਲ ਸਿੰਘ ਨੇ ਕਿਹਾ ਕਿ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਘਟਨਾ ਸਥਾਨ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਪੁਲਿਸ ਵੱਲੋਂ ਖੰਗਾਲਿਆ ਜਾ ਰਿਹਾ ਹੈ।