ਲੰਡਨ (Nri Media) : ਬ੍ਰਿਟੇਨ 'ਚ ਸਿੱਖਾਂ ਦੇ 2 ਗੁੱਟਾਂ ਵਿਚਕਾਰ ਹੋਈ ਝੜਪ ਤੋਂ ਬਾਅਦ 3 ਵਿਅਕਤੀਆਂ ਦੇ ਕਤਲ ਮਾਮਲੇ 'ਚ ਹਮਵਤਨ 29 ਸਾਲਾਂ ਇੱਕ ਪੰਜਾਬੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 29 ਸਾਲਾਂ ਪੰਜਾਬੀ 'ਤੇ ਇਹ ਦੋਸ਼ ਇਸ ਕਤਲ ਦੀ ਜਾਂਚ ਕਰ ਰਹੀ ਸਕਾਟਲੈਂਡ ਯਾਰਡ ਪੁਲਿਸ ਵੱਲੋਂ ਲਾਏ ਗਏ ਹਨ। ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਸੰਦੀਪ ਸਿੰਘ 'ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਅਤੇ ਇਰਾਦਾ ਕਰ ਕੇ ਬਣਾ ਕੇ ਹਮਲਾ ਕਰਨ ਦੀ ਸਾਜਿਸ਼ ਦੇ ਦੋਸ਼ ਲਗਾਏ ਗਏ ਹਨ।
ਇਸ ਮਾਮਲੇ ਦੀ ਤੀਜੀ ਗ੍ਰਿਫਤਾਰੀ ਸੰਦੀਪ ਸਿੰਘ ਵਜੋਂ ਹੋਈ ਹੈ, ਮੰਗਲਵਾਰ ਨੂੰ ਰੈਡਬ੍ਰਿਜ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਉਸ ਨੂੰ ਪੇਸ਼ ਕੀਤਾ ਜਾਵੇਗਾ। ਉਸ ਨੂੰ ਸੋਮਵਾਰ ਨੂੰ ਪੂਰਬੀ ਲੰਡਨ ਦੇ ਪੁਲਿਸ ਸਟੇਸ਼ਨ ਵਿੱਚ ਆਉਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।ਇਸ ਤੋਂ ਪਹਿਲਾ ਇਸ ਮਾਮਲੇ ਵਿੱਚ ਕਤਲ ਦੇ ਸ਼ੱਕ ਦੇ ਆਧਾਰ 'ਤੇ 29 ਤੇ 39 ਸਾਲਾ 2 ਸਿੱਖ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਪੂਰਬੀ ਲੰਡਨ ਦੇ ਇਲਫੋਰਡ ਵਿੱਚ ਸੈਵਨ ਕਿੰਗਜ਼ ਰੇਲਵੇ ਸਟੇਸ਼ਨ ਦੇ ਨਜ਼ਦੀਕ ਹੋਈ।
ਤਿੰਨ ਪੀੜਤ ਵਿਅਕਤੀਆਂ, ਜਿਨ੍ਹਾਂ ਦਾ ਨਾਂਅ 29 ਸਾਲਾ ਨਰਿੰਦਰ ਸਿੰਘ ਲੁਭਾਇਆ, 30 ਸਾਲਾ ਹਰਿੰਦਰ ਕੁਮਾਰ, ਅਤੇ 37 ਸਾਲਾ ਮਲਕੀਤ ਸਿੰਘ ਢਿੱਲੋਂ ਉਰਫ ਬਲਜਿੰਦਰ ਸਿੰਘ ਹੈ। ਉਨ੍ਹਾਂ ਉੱਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਸੀ ਤੇ ਮੌਕੇ ਉੱਤੇ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ। ਇਸ ਤੋਂ ਬਾਅਦ ਕਾਤਲਾਂ ਨੇ ਇਸ ਭਿਆਨਕ ਦ੍ਰਿਸ਼ ਨੂੰ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ, ਜਿਸ ਵਿੱਚ ਮ੍ਰਿਤਕ ਖ਼ੂਨ ਨਾਲ ਲੱਥਪਥ ਹੋਏ ਸਟੇਸ਼ਨ ਦੇ ਨਜ਼ਦੀਕ ਪੌੜੀਆਂ ਦੇ ਨੀਚੇ ਪਏ ਹੋਏ ਸਨ।