ਚੰਡੀਗੜ੍ਹ (ਵਿਕਰਮ ਸਹਿਜਪਾਲ) : ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਬਿਹਾਰ ਦੇ ਕਟਿਹਾਰ ਵਿੱਚ ਦਿੱਤੇ ਫਿਰਕੂ ਬਿਆਨ 'ਤੇ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਸਿੱਧੂ ਦੇ ਪ੍ਰਚਾਰ 'ਤੇ 72 ਘੰਟਿਆਂ ਲਈ ਪਾਬੰਧੀ ਲਾ ਦਿੱਤੀ ਹੈ। 23 ਤਰੀਕ ਤੋਂ 3 ਦਿਨ ਬਾਅਦ ਤੱਕ ਸਿੱਧੂ ਕਿਸੇ ਤਰ੍ਹਾਂ ਦਾ ਚੋਣ ਪ੍ਰਚਾਰ, ਰੋਡ ਸ਼ੋਅ ਜਾਂ ਰੈਲੀ ਨਹੀਂ ਕਰ ਸਕਣਗੇ।ਸਿੱਧੂ ਦੇ ਰੈਲੀ ਵਿੱਚ ਦਿੱਤੇ ਬਿਆਨ ਤੋਂ ਬਾਅਦ ਬਿਹਾਰ ਦੇ ਮੁੱਖ ਚੋਣ ਅਧਿਕਾਰੀ ਐਚਆਰ ਸ੍ਰੀਨਿਵਾਸ ਮੁਤਾਬਕ ਸਿੱਧੂ ਵਿਰੁੱਧ ਧਾਰਾ 123(3) ਤਹਿਤ ਕੇਸ ਦਰਜ ਕੀਤਾ ਗਿਆ ਸੀ।
ਦੱਸਣਾ ਬਣਦਾ ਹੈ ਕਿ ਸਿੱਧੂ ਨੇ ਮਹਾਗੱਠਜੋੜ ਦੇ ਉਮੀਦਵਾਰ ਤਾਰਿਕ ਅਨਵਰ ਦੇ ਪੱਖ ਵਿੱਚ ਰੈਲੀ ਕੀਤੀ ਸੀ ਜਿਸ ਦੌਰਾਨ ਉਨ੍ਹਾਂ ਮੁਸਲਿਮਾਂ ਨੂੰ ਇਕੱਠੇ ਹੋ ਕੇ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਗੱਲ ਕਹੀ ਸੀ ਜਿਸ ਨੂੰ ਲੈ ਕੇ ਵਿਰੋਧੀਆਂ ਨੇ ਧਰਮ ਦੇ ਨਾਂਅ ਤੇ ਰਾਜਨੀਤੀ ਕਰਨ ਦੇ ਮੁੱਦੇ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ।
ਮੁੱਖ ਚੋਣ ਕਮਿਸ਼ਨ ਇਨ੍ਹਾਂ ਚੋਣਾਂ ਦੌਰਾਨ ਧਰਮ ਦੇ ਨਾਂਅ 'ਤੇ ਸਿਆਸਤ ਕਰਨ ਵਾਲੇ ਅਤੇ ਗ਼ਲਤ ਬਿਆਨਬਾਜ਼ੀ ਕਰਨ ਵਾਲੇ ਨੇਤਾਵਾਂ 'ਤੇ ਸਖ਼ਤੀ ਵਿਖਾ ਰਿਹਾ ਹੈ। ਸਿੱਧੂ ਤੋਂ ਪਹਿਲਾਂ ਚੋਣ ਕਮਿਸ਼ਨ ਮਾਇਆਵਤੀ, ਯੋਗੀ ਅਦਿੱਤਿਆਨਾਥ, ਮੇਨਕਾ ਗਾਂਧੀ ਅਤੇ ਆਜਮ ਖ਼ਾਨ ਦੇ ਚੋਣ ਪ੍ਰਚਾਰ ਤੇ ਵੀ ਪਾਬੰਧੀ ਲਾ ਚੁੱਕਾ ਹੈ।