ਲੋਕਲ ਸਾਮਾਨ ਖਰੀਦ ਗਰੀਬ ਦੇ ਘਰ ਆਏਗੀ ਰੌਸ਼ਨੀ : PM ਮੋਦੀ

by vikramsehajpal

ਦਿੱਲੀ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 100 ਕਰੋੜ ਲੋਕਾਂ ਨੂੰ ਕੋਰੋਨਾ ਰੋਕੂ ਟੀਕੇ ਲੱਗਣ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਵੈਕਸੀਨ ਪ੍ਰੋਗਰਾਮ ਦੀ ਸਫਲਤਾ ਭਾਰਤ ਦੀ ਸਮਰੱਥਾ ਨੂੰ ਦਰਸਾਉਂਦੀ ਹੈ। ਨਾਲ ਹੀ ਸਭ ਦੇ ਯਤਨਾਂ ਦੇ ਮੰਤਰ ਦੀ ਸ਼ਕਤੀ ਨੂੰ ਵੀ ਦਰਸਾਉਂਦੀ ਹੈ।

ਐਤਵਾਰ ਸਵੇਰੇ 11 ਵਜੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ 82ਵੀਂ ਵਾਰ ਦੇਸ਼ ਵਾਸੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਕਤੂਬਰ ਦਾ ਮਹੀਨਾ ਤਿਉਹਾਰਾਂ ਦੇ ਰੰਗਾਂ ’ਚ ਰੰਗਿਆ ਗਿਆ ਹੈ।

ਕੁਝ ਦਿਨ ਬਾਅਦ ਦੀਵਾਲੀ ਤਾਂ ਆ ਹੀ ਰਹੀ ਹੈ, ਨਾਲ ਹੀ ਗੋਵਰਧਨ ਪੂਜਾ, ਭਾਈਦੂਜ ਅਤੇ ਹੋਰ ਤਿਉਹਾਰ ਵੀ ਆਉਣਗੇ। ਛੱਠ ਪੂਜਾ ਵੀ ਹੋਵੇਗੀ। ਨਵੰਬਰ ਵਿਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਵੀ ਹੈ।

ਲੋਕ ਹੁਣ ਤੋਂ ਹੀ ਵੱਖ-ਵੱਖ ਤਰ੍ਹਾਂ ਦੀ ਖਰੀਦਦਾਰੀ ਕਰਨ ਲੱਗ ਪੈਣਗੇ। ਸਭ ਲੋਕਾਂ ਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ। ਤਿਉਹਾਰਾਂ ’ਤੇ ਲੋਕਲ ਉਤਪਾਦ ਖਰੀਦੋ, ਕਿਸੇ ਗਰੀਬ ਦੇ ਘਰ ’ਚ ਰੌਸ਼ਨੀ ਆਏਗੀ। ਲੋਕਲ ਫਾਰ ਵੋਕਲ।

ਮੋਦੀ ਨੇ ਕਿਹਾ ਕਿ ਸਾਡੇ ਸਿਹਤ ਮੁਲਾਜ਼ਮਾਂ ਨੇ ਆਪਣੀ ਅਣਥੱਕ ਮਿਹਨਤ ਅਤੇ ਸੰਕਲਪ ਨਾਲ ਇਹ ਨਵੀਂ ਮਿਸਾਲ ਪੇਸ਼ ਕੀਤੀ। ਉਨ੍ਹਾਂ ਉੱਤਰਾਖੰਡ ’ਚ ਬਾਗੇਸ਼ਵਰ ਦੀ ਪੂਨਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਹਤ ਮੁਲਾਜ਼ਮਾਂ ਨੇ ਹਰ ਤਰ੍ਹਾਂ ਦੀ ਚੁਣੌਤੀ ਦਾ ਮੁਕਾਬਲਾ ਕਰਦੇ ਹੋਏ ਵੱਧ ਤੋਂ ਵੱਧ ਲੋਕਾਂ ਨੂੰ ਸੁਰੱਖਿਆ ਕਵਚ ਪ੍ਰਦਾਨ ਕੀਤਾ। ਉਨ੍ਹਾਂ ਕੋਵਿਡ ਟੀਕਾਕਰਨ ਲਈ 100 ਫੀਸਦੀ ਨਿਸ਼ਾਨਾ ਹਾਸਲ ਕਰਨ ਲਈ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਸਰਕਾਰਾਂ ਦੀ ਸ਼ਲਾਘਾ ਕੀਤੀ।

ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੀਆਂ ਕਈ ਭੈਣਾਂ ਬਾਰੇ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਇਹ ਭੈਣਾਂ ਕਸ਼ਮੀਰ ’ਚ ਫੌਜ ਅਤੇ ਸਰਕਾਰੀ ਦਫਤਰਾਂ ਲਈ ਤਿਰੰਗੇ ਝੰਡਿਆਂ ਦੀ ਸਿਲਾਈ ਕਰਨ ਦਾ ਕੰਮ ਕਰ ਰਹੀਆਂ ਹਨ।

ਮੋਦੀ ਨੇ ਕਿਹਾ ਕਿ ਡ੍ਰੋਨ ਦੀ ਵਰਤੋਂ ਵੱਖ-ਵੱਖ ਖੇਤਰਾਂ ’ਚ ਤੇਜ਼ੀ ਨਾਲ ਵਧ ਰਹੀ ਹੈ। ਸਾਨੂੰ ਇਸ ਤਕਨੀਕ ’ਚ ਦੇਸ਼ ਨੂੰ ਸਭ ਤੋਂ ਅੱਗੇ ਲਿਜਾਣਾ ਹੈ। ਇਸ ਲਈ ਸਰਕਾਰ ਵਲੋਂ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।

ਪ੍ਰੋਗਰਾਮ ਦੀਆਂ ਮੁੱਖ ਗੱਲਾਂ

  1. ਬਿਰਸਾ ਮੁੰਡੇ ਨੂੰ ਦਿੱਤੀ ਸ਼ਰਧਾਂਜਲੀ
  2. ਲੋਹ ਪੁਰਸ਼ ਸਰਦਾਰ ਪਟੇਲ ਨੂੰ ਨਮਨ ਕਰ ਕੇ ਲੋਕਾਂ ਨੂੰ ਏਕਤਾ ਦਿਵਸ ਮਨਾਉਣ ਦਾ ਦਿੱਤਾ ਸੱਦਾ
  3. ਅਮ੍ਰਿਤ ਮਹਾਉਤਸਵ ’ਚ ਕਲਾ, ਸੰਸਕ੍ਰਿਤੀ, ਗੀਤ ਅਤੇ ਸੰਗੀਤ ਦੇ ਰੰਗ ਜ਼ਰੂਰ ਭਰੋ
  4. ਪੁਲਸ ਫੋਰਸ ਵਿਚ 2014 ’ਚ ਜਿਥੇ 1 ਲੱਖ 5000 ਔਰਤਾਂ ਸਨ, 2020 ’ਚ ਇਹ ਗਿਣਤੀ ਵਧ ਕੇ 2 ਲੱਖ 15 ਹਜ਼ਾਰ ’ਤੇ ਪਹੁੰਚ ਗਈ ਹੈ
  5. ਕੇਂਦਰੀ ਹਥਿਆਰਬੰਦ ਪੁਲਸ ਫੋਰਸ ’ਚ ਵੀ 7 ਸਾਲਾਂ ’ਚ ਔਰਤਾਂ ਦੀ ਗਿਣਤੀ ਲਗਭਗ ਦੁੱਗਣੀ ਹੋਈ ਹੈ।