ਓਟਾਵਾ (ਵਿਕਰਮ ਸਹਿਜਪਾਲ) : ਸਾਲ 2017 'ਚ ਕੈਨੇਡਾ ਦੀ Lion 5lectric ਕੰਪਨੀ ਨੇ ਇਲੈਕਟ੍ਰਿਕ ਬੱਸ ਪੇਸ਼ ਕਰ ਕੇ ਕਾਫੀ ਲੋਕਪ੍ਰਿਯਤਾ ਹਾਸਲ ਕੀਤੀ ਸੀ। ਹੁਣ ਇਸੇ ਕੰਪਨੀ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਕੰਪਨੀ ਨੇ ਸ਼ਹਿਰੀ ਇਲਾਕਿਆਂ ਵਿਚ ਚੱਲਣ ਵਾਲਾ ਆਲ ਇਲੈਕਟ੍ਰਿਕ ਟਰੱਕ ਤਿਆਰ ਕੀਤਾ ਹੈ, ਜੋ ਬਿਨਾਂ ਪ੍ਰਦੂਸ਼ਣ ਕੀਤਿਆਂ ਸ਼ਹਿਰ ਦੇ ਅੰਦਰ ਮਾਲ ਢੋਣ ਦੇ ਕੰਮ ਆਏਗਾ। ਕੰਪਨੀ ਨੇ ਦੱਸਿਆ ਕਿ Lion8 ਟਰੱਕ ਨੂੰ ਇਕ ਵਾਰ ਫੁਲ ਚਾਰਜ ਕਰ ਕੇ 400 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ।
ਅਸੀਂ ਟੈਸਲਾ ਜਾਂ ਨਿਕੋਲਾ ਕੰਪਨੀ ਦੇ ਟਰੱਕਾਂ ਨੂੰ ਟੱਕਰ ਦੇਣ ਲਈ ਇਸ ਨੂੰ ਨਹੀਂ ਤਿਆਰ ਕੀਤਾ, ਸਗੋਂ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਸ਼ਾਂਤੀ ਭਰੇ ਢੰਗ ਨਾਲ ਸਾਮਾਨ ਪਹੁੰਚਾਉਣ ਲਈ ਇਸ ਨੂੰ ਬਣਾਇਆ ਹੈ। Lion8 ਟਰੱਕ ਬਾਰੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਟਰੱਕ ਡਰਾਈਵਰ ਜੇ ਇਸ ਇਲੈਕਟ੍ਰਿਕ ਟਰੱਕ ਦੀ ਵਰਤੋਂ ਕਰਨਗੇ ਤਾਂ ਉਨ੍ਹਾਂ ਦੀ ਮਾਲ ਢੋਣ ਦੀ ਲਾਗਤ ਵਿਚ 80 ਫੀਸਦੀ ਤਕ ਕਮੀ ਆਏਗੀ।
ਇਸ ਟਰੱਕ ਦੇ ਪ੍ਰੀ-ਆਰਡਰ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਸਾਲ ਦੇ ਅਖੀਰ ਤਕ ਇਸ ਦੀ ਡਲਿਵਰੀ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਇਲੈਕਟ੍ਰਿਕ ਟਰੱਕ ਕਾਫੀ ਮਜ਼ਬੂਤ ਬਣਾਇਆ ਗਿਆ ਹੈ। ਇਸ ਦਾ ਕਰਬ ਵੇਟ 11,160 ਕਿਲੋਗ੍ਰਾਮ ਹੈ। ਟਰੱਕ ਵਿਚ 480 kWh ਦਾ Li-ion ਬੈਟਰੀ ਪੈਕ ਲਾਇਆ ਗਿਆ ਹੈ ਅਤੇ ਇਸ ਵਿਚ ਲੱਗੀ ਇਲੈਕਟ੍ਰਿਕ ਮੋਟਰ 470 ਹਾਰਸਪਾਵਰ ਦੀ ਤਾਕਤ ਤੇ 3500 Nm ਦਾ ਟਾਰਕ ਪੈਦਾ ਕਰਦੀ ਹੈ।