ਲਖਨਊ (ਦੇਵ ਇੰਦਰਜੀਤ) : ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ 8 ਮਹੀਨਿਆਂ ਤੋਂ ਜਾਰੀ ਹੈ। ਅਜਿਹੇ 'ਚ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਚੱਲ ਰਹੇ ਕਿਸਾਨ ਅੰਦੋਲਨ ਦਾ ਅਗਲਾ ਮੁੱਖ ਕੇਂਦਰ ਉੱਤਰ ਪ੍ਰਦੇਸ਼ ਹੋਵੇਗਾ। ਉਨ੍ਹਾਂ ਨੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ,''ਅਸੀਂ ਲਖਨਊ ਨੂੰ ਦਿੱਲੀ 'ਚ ਬਦਲ ਦੇਵਾਂਗੇ ਅਤੇ ਰਾਜ ਦੀ ਰਾਜਧਾਨੀ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਜਾਣਗੇ। ਸਾਡਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਤਿੰਨੋਂ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ।''
ਮੁਜ਼ੱਫਰਨਗਰ 'ਚ 5 ਸਤੰਬਰ ਇਕ ਵਿਸ਼ਾਲ ਕਿਸਾਨ ਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ। ਚੌਥੇ ਐਸਟੇਟ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਪੂਰੇ ਦੇਸ਼ ਨੂੰ ਬੰਦੀ ਬਣਾਇਆ ਜਾ ਰਿਹਾ ਹੈ। ਟਿਕੈਤ ਨੇ ਕਿਹਾ,''ਉੱਤਰ ਪ੍ਰਦੇਸ਼ ਹਮੇਸ਼ਾ ਅੰਦੋਲਨ ਦਾ ਪ੍ਰਦੇਸ਼ ਰਿਹਾ ਹੈ। 4 ਸਾਲਾਂ ਤੋਂ ਗੰਨੇ ਦੀਆਂ ਦਰਾਂ ਨਹੀਂ ਵਧਾਈਆਂ ਗਈਆਂ ਹਨ। ਗੰਨਾ ਕਿਸਾਨਾਂ ਦਾ 12 ਹਜ਼ਾਰ ਕਰੋੜ ਦਾ ਭੁਗਤਾਨ ਬਾਕੀ ਹੈ। ਕਈ ਸੂਬਿਆਂ 'ਚ ਕਿਸਾਨਾਂ ਲਈ ਬਿਜਲੀ ਮੁਫ਼ਤ ਹੈ ਪਰ ਯੂ.ਪੀ. 'ਚ ਬਿਜਲੀ ਦੀਆਂ ਦਰਾਂ ਸਭ ਤੋਂ ਵੱਧ ਹਨ। ਯੂ.ਪੀ. 'ਚ ਸਰਕਾਰ ਹੁਣ ਗੁਜਰਾਤ ਦੀ ਤਰ੍ਹਾਂ ਪੁਲਸ ਚਲਾ ਰਹੀ ਹੈ।''
ਰਾਕੇਸ਼ ਟਿਕੈਤ ਨਾਲ ਆਏ ਵਰਕਰ ਯੋਗੇਂਦਰ ਯਾਦਵ ਨੇ ਕਿਹਾ ਕਿ ਚੱਲ ਰਹੇ ਕਿਸਾਨ ਅੰਦੋਲਨ ਨੇ ਕਿਸਾਨਾਂ ਦੀ ਏਕਤਾ ਨੂੰ ਵਧਾਇਆ ਹੈ। ਉਨ੍ਹਾਂ ਕਿਹਾ,''ਅਸੀਂ ਮਿਸ਼ਨ ਯੂ.ਪੀ./ਉਤਰਾਖੰਡ ਦਾ ਐਲਾਨ ਕਰ ਰਹੇ ਹਾਂ। ਇਨ੍ਹਾਂ ਸੂਬਿਆਂ 'ਚ ਰੈਲੀਆਂ ਅਤੇ ਮਹਾਪੰਚਾਇਤਾਂ ਦਾ ਆਯੋਜਨ ਕੀਤਾ ਜਾਵੇਗਾ। ਅਸੀਂ ਇਹ ਵੀ ਮੰਗ ਕਰ ਰਹੇ ਹਾਂ ਕਿ ਟੋਲ ਪਲਾਜ਼ਾ ਸਾਰਿਆਂ ਲਈ ਮੁਫ਼ਤ ਹੋਣ।''