ਆਓ ਜਾਣਦੇ ਹਾਂ MS Dhoni ਤੇ Suresh Raina ਨੇ15 ਅਗਸਤ ਦੇ ਦਿਨ ਹੀ ਕਿਉਂ ਲਿਆ ਇਕੱਠਿਆਂ ਸੰਨਿਆਸ?

by nripost

ਨਵੀਂ ਦਿੱਲੀ (ਹਰਮੀਤ): ਸਾਲ 2020 ਵਿਚ ਜਦੋਂ ਭਾਰਤ ਵਿੱਚ ਹਰ ਕੋਈ ਆਜ਼ਾਦੀ ਦਿਵਸ ਦੇ ਜਸ਼ਨਾਂ ਵਿੱਚ ਡੁੱਬਿਆ ਹੋਇਆ ਸੀ। ਹਰ ਕੋਈ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾ ਰਿਹਾ ਸੀ ਪਰ ਸ਼ਾਮ 7.29 ਵਜੇ ਸਭ ਦਾ ਦਿਲ ਟੁੱਟ ਗਿਆ ਜਦੋਂ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।

ਉਸ ਦੀ ਇੰਸਟਾਗ੍ਰਾਮ ਪੋਸਟ ਨੇ ਲੱਖਾਂ ਪ੍ਰਸ਼ੰਸਕਾਂ ਦੇ ਦਿਲ ਤੋੜ ਦਿੱਤੇ। ਇਸ ਦੇ ਨਾਲ ਹੀ ਧੋਨੀ ਦੇ ਸੰਨਿਆਸ ਦੇ ਕੁਝ ਸਮੇਂ ਬਾਅਦ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਵੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ।

ਪਿਛਲੇ ਸਾਲ ਇਕ ਇੰਟਰਵਿਊ ਵਿਚ ਗੱਲਬਾਤ ਕਰਦਿਆਂ ਸੁਰੇਸ਼ ਰੈਨਾ ਨੇ ਦੱਸਿਆ ਸੀ ਕਿ ਮੈ ਤੇ ਧੋਨੀ ਨੇ ਇਕੱਠੇ ਕਈ ਮੈਚ ਖੇਡੇ ਹਨ। ਮੈਂ ਉਸ ਨਾਲ ਭਾਰਤ ਅਤੇ ਸੀਐਸਕੇ ਲਈ ਖੇਡਣ ਦਾ ਸੁਭਾਗ ਪ੍ਰਾਪਤ ਕੀਤਾ ਸੀ। ਸਾਨੂੰ ਬਹੁਤ ਪਿਆਰ ਮਿਲਿਆ। ਮੈਂ ਗਾਜ਼ੀਆਬਾਦ ਤੋਂ ਆਇਆ ਹਾਂ, ਧੋਨੀ ਰਾਂਚੀ ਤੋਂ ਹੈ। ਮੈਂ ਐਮਐਸ ਧੋਨੀ ਲਈ ਖੇਡਿਆ, ਫਿਰ ਮੈਂ ਦੇਸ਼ ਲਈ ਖੇਡਿਆ। ਇਹ ਕੁਨੈਕਸ਼ਨ ਹੈ। ਅਸੀਂ ਬਹੁਤ ਸਾਰੇ ਫਾਈਨਲ ਖੇਡੇ ਹਨ, ਅਸੀਂ ਵਿਸ਼ਵ ਕੱਪ ਜਿੱਤਿਆ ਹੈ। ਉਹ ਇੱਕ ਮਹਾਨ ਨੇਤਾ ਤੇ ਮਹਾਨ ਇਨਸਾਨ ਹਨ। ਅਸੀਂ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ ਅਸੀਂ 15 ਅਗਸਤ ਨੂੰ ਸੰਨਿਆਸ ਲਵਾਂਗੇ। ਧੋਨੀ ਦੀ ਜਰਸੀ ਦਾ ਨੰਬਰ 7 ਅਤੇ ਮੇਰਾ 3 ਸੀ ਜੋ ਕਿ ਇਕੱਠੇ 73 ਹੋਣਾ ਸੀ ਅਤੇ ਭਾਰਤ 73 ਸਾਲ ਦੀ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ। ਇਸ ਲਈ ਸਾਨੂੰ ਲੱਗਾ ਕਿ ਇਸ ਤੋਂ ਵਧੀਆ ਰਿਟਾਇਰਮੈਂਟ ਦਾ ਦਿਨ ਹੋਰ ਨਹੀਂ ਹੋ ਸਕਦਾ।