ਕੁਸ਼ਟ ਰੋਗ ਕੋਈ ਪੁਰਾਣੇ ਪਾਪਾਂ ਦਾ ਫਲ ਜਾਂ ਸ਼ਰਾਪ ਨਹੀਂ, ਲੋਕਾਂ ਨੂੰ ਵਹਿਮਾਂ ਭਰਮਾਂ ‘ਚੋਂ ਨਿਕਲ ਕੇ ਕਰਵਾਉਣਾ ਚਾਹੀਦਾ ਇਲਾਜ : ਡਾ. ਜਸਵੀਰ ਸਿੰਘ ਔਲਖ
ਲੁਧਿਆਣਾ, 6 ਫਰਵਰੀ – ਸਿਵਲ ਸਰਜਨ ਲੁਧਿਆਣਾ ਡਾ. ਜਸਵੀਰ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਲੋਕਾਂ ਵੱਲੋ ਵਹਿਮਾਂ ਭਰਮਾਂ ਕਰਕੇ ਕੁਸ਼ਟ ਰੋਗ ਦਾ ਇਲਾਜ ਨਹੀ ਕਰਵਾਇਆ ਜਾਂਦਾ ਜੋਕਿ ਬਿਲਕੁਲ ਗਲਤ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁਸ਼ਟ ਰੋਗ ਕੋਈ ਪੁਰਾਣੇ ਪਾਪਾਂ ਦਾ ਫਲ ਜਾਂ ਸਰਾਪ ਨਹੀਂ ਹੈ ਸਗੋਂ ਆਮ ਰੋਗਾਂ ਦੀ ਤਰ੍ਹਾਂ ਸਿਰਫ ਇੱਕ ਰੋਗ ਹੈ।
ਜ਼ਿਕਰਯੋਗ ਹੈ ਕਿ ਸਿਵਲ ਸਰਜਨ ਲੁਧਿਆਣਾ ਡਾ. ਜਸਵੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਹੇਠ, ਜਿਲ੍ਹੇ ਭਰ ਵਿਚ ਸਪਰਸ਼ ਕੁਸ਼ਟ ਜਾਗਰੂਕਤਾ ਮੁਹਿੰਮ 13 ਫਰਵਰੀ ਤੱਕ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਕੁ਼ਸ਼ਟ ਰੋਗ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਰਕਾਰੀ ਸਮਰਾਟ ਹਾਇਰ ਸੈਕੰਡਰੀ ਸਕੂਲ ਢੋਲੇਵਾਲ ਵਿਖੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ ਅਤੇ ਬੀ.ਸੀ.ਸੀ. ਕੋਆਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਚਮੜੀ ਉੱਤੇ ਹਲਕੇ, ਫਿੱਕੇ, ਬਦਰੰਗ, ਤਾਂਬੇ ਰੰਗ ਦੇ ਦਾਗ਼, ਗਰਮ ਠੰਡੇ ਦਾ ਪਤਾ ਨਾ ਲੱਗਣਾ, ਨਸਾਂ ਵਿੱਚ ਦਰਦ ਹੋਣਾ, ਕੰਨਾਂ ਦੇ ਪਿੱਛੇ ਅਤੇ ਮੂੰਹ ਤੇ ਗੱਠਾਂ ਦਾ ਬਣ ਜਾਣਾ, ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਦਾ ਟੇਢਾ ਹੋ ਜਾਣਾ, ਅੱਖਾਂ ਦਾ ਬੰਦ ਨਾ ਹੋਣਾ ਆਦਿ ਕੁਸ਼ਟ ਰੋਗ ਦੇ ਲੱਛਣ ਹਨ।
ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਇਸ ਰੋਗ ਦੇ 100 ਮਰੀਜ਼ ਦਵਾਈ ਲੈ ਰਹੇ ਹਨ ਜਿਨ੍ਹਾਂ ਵਿੱਚ 17 ਪੰਜਾਬੀ, 2 ਬੱਚੇ ਅਤੇ 5 ਅਪੰਗਤਾ ਦੇ ਮਰੀਜ਼ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜਾਂ ਨੂੰ ਸਮੇਂ ਸਮੇਂ ‘ਤੇ ਐਮ.ਸੀ.ਆਰ. ਫੁਟਵੇਅਰ, ਕਰੱਚਿਸ, ਸੈਲਫ ਕੇਅਰ ਕਿੱਟ ਅਤੇ ਐਨਕਾਂ ਆਦਿ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਲੋੜਵੰਦ ਮਰੀਜਾਂ ਦਾ ਆਪਰੇਸ਼ਨ ਵੀ ਐਨ.ਐਲ.ਈ.ਪੀ. ਅਧੀਨ ਮੁਫਤ ਕੀਤਾ ਜਾਂਦਾ ਹੈ। ਉਨ੍ਹਾ ਸਪੱਸ਼ਟ ਕੀਤਾ ਕਿ ਕੁਸ਼ਟ ਰੋਗ ਦਾ ਸਮੇਂ ਸਿਰ ਇਲਾਜ ਕਰਵਾਉਣ ਨਾਲ ਰੋਗ ਤੋਂ ਹੋਣ ਵਾਲੀ ਅਪੰਗਤਾ ਤੋਂ ਬਚਿਆ ਜਾ ਸਕਦਾ ਹੈ।