ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਪੂਰਥਲਾ ਵਿਖੇ ਨਿੰਬੂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਤੋਂ ਪਹਿਲਾਂ ਆਮ ਲੋਕ ਪਰੇਸ਼ਾਨ ਸਨ ਪਰ ਹੁਣ ਇਸ ਨਿੰਬੂ ਨੇ ਮਾਰਡਨ ਜੇਲ੍ਹ ਕਪੂਰਥਲਾ ਦੇ ਸੁਪਰਡੈਂਟ ਨੂੰ ਵੀ ਮੁਸੀਬਤ ਵਿੱਚ ਪਾ ਦਿੱਤਾ ਹੈ। ਗਰਮੀਆਂ ਦੇ ਮੌਸਮ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਦੇ ਮਨਾਂ ਨੂੰ ਠੰਡਾ ਕਰਨ ਲਈ ਸਥਾਨਕ ਜੇਲ੍ਹ ਸੁਪਰਡੈਂਟ ਨੂੰ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਰਾਸ਼ਨ ਵਿੱਚ ਅੱਧਾ ਕੁਇੰਟਲ ਨਿੰਬੂ ਸ਼ਾਮਲ ਕਰਨਾ ਭਾਰੀ ਪੈ ਗਿਆ। ਜਾਂਚ ਤੋਂ ਬਾਅਦ ਸਖ਼ਤ ਐਕਸ਼ਨ ਲੈਂਦੇ ਹੋਏ ਜੇਲ੍ਹ ਮੰਤਰੀ ਨੇ ਕਪੂਰਥਲਾ ਜੇਲ੍ਹ ਦੇ ਸੁਪਰਡੈਂਟ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਕਪੂਰਥਲਾ ਤੋਂ 8 ਕਿਲੋਮੀਟਰ ਦੂਰ ਸਥਿਤ ਥੇਹ ਕਾਜਲਾ ਵਿੱਚ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਲਈ ਕੇਂਦਰੀ ਮਾਡਰਨ ਜੇਲ੍ਹ ਦੇ ਅਧਿਕਾਰੀ ਨੇ 50 ਕਿਲੋ ਨਿੰਬੂਆਂ ਦੀ ਖ਼ਰੀਦ ਵਿਖਾਈ ਸੀ, ਜਦੋਂ ਇਥੇ ਨਿੰਬੂਆਂ ਦੀਆਂ ਕੀਮਤਾਂ 200 ਪ੍ਰਤੀ ਕਿਲੋ ਤੋਂ ਉਪਰ ਚੱਲ ਰਹੀਆਂ ਸਨ। ਕੈਦੀਆਂ ਨੇ ਦਾਅਵਾ ਕੀਤਾ ਹੈ ਕਿ ਰਸੋਈ ਵਿੱਚ ਨਿੰਬੂ ਦੀ ਵਰਤੋਂ ਕਦੇ ਨਹੀਂ ਕੀਤੀ ਗਈ ਸੀ। ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਪੂਰਥਲਾ ਜੇਲ੍ਹ ਦੇ ਸੁਪਰਡੈਂਟ ਗੁਰਨਾਮ ਲਾਲ ਨੂੰ ਕੈਦੀਆਂ ਲਈ ਰਾਸ਼ਨ ਦੀ ਦੁਰਵਰਤੋਂ ਅਤੇ ਦੁਰਵਿਵਹਾਰ ਦੇ ਦੋਸ਼ ਹੇਠ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।