ਦਿੱਲੀ (ਦੇਵ ਇੰਦਰਜੀਤ) : ਸੋਸ਼ਲ ਮੀਡੀਆ ’ਤੇ ਭਾਰਤ ਦੇ ਗਲਤ ਨਕਸ਼ੇ ਵਾਲੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਹਾਲ ਹੀ ’ਚ ਟਵਿਟਰ ਵਲੋਂ ਆਪਣੀ ਵੈੱਬਸਾਈਟ ’ਤੇ ਭਾਰਤ ਦਾ ਗਲਤ ਨਕਸ਼ਾ ਵਿਖਾਉਣ ’ਤੇ ਕਾਫੀ ਵਿਵਾਦ ਹੋਇਆ ਸੀ। ਦੱਸ ਦੇਈਏ ਕਿ ਟਵਿਟਰ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਭਾਰਤ ਦੇ ਨਕਸ਼ੇ ਤੋਂ ਬਾਹਰ ਵਿਖਾਇਆ ਸੀ। ਟਵਿਟਰ ਦੇ ਇਸ ਕਦਮ ਨੂੰ ਲੈ ਕੇ ਉਸ ਨੂੰ ਸੋਸ਼ਲ ਮੀਡੀਆ ’ਤੇ ਨਿੰਦਾ ਦਾ ਸਾਹਮਣਾ ਕਰਨਾ ਪਿਆ ਅਤੇ ਉਸ ’ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਵਿਵਾਦ ਤੋਂ ਬਾਅਦ ਫਿਲਹਾਲ ਟਵਿਟਰ ਨੇ ਆਪਣੀ ਵੈੱਬਸਾਈਟ ਤੋਂ ਭਾਰਤ ਦਾ ਗਲਤ ਨਕਸ਼ਾ ਹਟਾ ਦਿੱਤਾ ਹੈ। ਟਵਿਟਰ ਤੋਂ ਇਲਾਵਾ ਵੀ ਭਾਰਤ ’ਚ ਬਹੁਤ ਸਾਰੀਆਂ ਸੋਸ਼ਲ ਸਾਈਟਾਂ ਹਨ ਜੋ ਭਾਰਤ ਦਾ ਗਲਤ ਨਕਸ਼ਾ ਵਿਖਾਉਂਦੀਆਂ ਹਨ। ਇਨ੍ਹਾਂ ਵੈੱਬਸਾਈਟਾਂ ਦੁਆਰਾ ਵਿਖਾਏ ਜਾ ਰਹੇ ਭਾਰਤ ਦੇ ਗਲਤ ਨਕਸ਼ਿਆਂ ’ਚ ਜੰਮੂ-ਕਸ਼ਮੀਰ ਨੂੰ ਪਾਕਿਸਤਾਨ ਅਤੇ ਲੱਦਾਖ ਨੂੰ ਚੀਨ ਦਾ ਹਿੱਸਾ ਵਿਖਾਇਆ ਜਾ ਰਿਹਾ ਹੈ।
ਸੋਸ਼ਲ ਸਾਈਟਾਂ ਭਾਰਤ ਦੇ ਗਲਤ ਨਕਸ਼ੇ ਕਿਉਂ ਵਿਖਾ ਰਹੀਆਂ ਹਨ, ਇਨ੍ਹਾਂ ਪਿੱਛੇ ਕਿਤੇ ਚੀਨ ਦਾ ਹੱਥ ਤਾਂ ਨਹੀਂ? ਕਾਫ਼ੀ ਲੰਬੇ ਸਮੇਂ ਤੋਂ ਲੱਦਾਖ ਵਾਲੇ ਹਿੱਸੇ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਚੀਨ ਲੱਦਾਖ ਦੀ ਗਲਵਾਨ ਘਾਟੀ ’ਤੇ ਆਪਣੀ ਹੱਕ ਜਤਾਉਂਦਾ ਹੈ। ਕਈ ਵਾਰ ਚੀਨ ਗਲਤ ਨਕਸ਼ੇ ਬਣਾ ਕੇ ਲੱਦਾਖ ਨੂੰ ਆਪਣਾ ਹਿੱਸਾ ਵਿਖਾ ਚੁੱਕਾ ਹੈ। ਚੀਨ ਗਲਤ ਨਕਸ਼ਿਆਂ ਰਾਹੀਂ ਲੱਦਾਖ ਹੀ ਨਹੀਂ ਕਦੇ ਅਰੁਣਾਚਲ ਪ੍ਰਦੇਸ਼ ਅਤੇ ਕਦੇ ਭੂਚਾਨ ਨੂੰ ਚੀਨ ਆਪਣਾ ਹਿੱਸਾ ਵਿਖਾ ਚੁੱਕਾ ਹੈ।
ਸਾਲ 2019 ’ਚ ਚੀਨ ਦੇ ਅਫ਼ਸਰਾਂ ਨੇ 30 ਹਜ਼ਾਰ ਨਕਸ਼ਿਆਂ ਨੂੰ ਨਸ਼ਟ ਕਰ ਦਿੱਤਾ ਸੀ। ਅਧਿਕਾਰੀਆਂ ਨੇ ਉਨ੍ਹਾਂ ਨਕਸ਼ਿਆਂ ਦੇ ਟੌਟੇ-ਟੌਟੇ ਕਰਵਾ ਦਿੱਤੇ ਸਨ ਜਿਨ੍ਹਾਂ ’ਚ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਹਿੱਸਾ ਅਤੇ ਤਾਇਵਾਨ ਨੂੰ ਵੱਖਰੇ ਦੇਸ਼ ਦੇ ਤੌਰ ’ਤੇ ਵਿਖਾਇਆ ਗਿਆ ਸੀ।
ਭਾਰਤ ਦਾ ਗਲਤ ਨਕਸ਼ਾ ਵਿਖਾਉਣਾ ਕਾਨੂੰਨੀ ਅਪਰਾਧ ਹੈ ਅਤੇ ਭਾਰਤੀ ਕਾਨੂੰਨ ਤਹਿਤ ਗਲਤ ਨਕਸ਼ਾ ਵਿਖਾਉਣ ’ਤੇ 6 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। 2016 ’ਚ ਭਾਰਤ ਸਰਕਾਰ ਨੇ ਗਲਤ ਨਕਸ਼ਾ ਵਿਖਾਉਣ ’ਤੇ 7 ਸਾਲ ਜੇਲ੍ਹ ਅਤੇ 100 ਕਰੋੜ ਰੁਪਏ ਤਕ ਜੁਰਮਾਨੇ ਦੀ ਵਿਵਸਥਾ ਕੀਤੀ ਸੀ, ਹਾਲਾਂਕਿ ਉਹ ਕਾਨੂੰਨ ਨਹੀਂ ਬਣ ਸਕਿਆ। ਇਸ ਦੇ ਬਾਵਜੂਦ ਵੀ ਕੁਝ ਸੋਸ਼ਲ ਸਾਈਟਾਂ ਦੁਆਰਾ ਭਾਰਤ ਦੇ ਗਲਤ ਨਕਸ਼ੇ ਵਿਖਾਏ ਜਾ ਰਹੇ ਹਨ। ਇਨ੍ਹਾਂ ਸੋਸ਼ਲ ਸਾਈਟਾਂ ’ਤੇ ਵੀ ਭਾਰਤ ਸਰਕਾਰ ਨੂੰ ਸਖਤ ਕਾਰਵਾਈ ਕਰਨ ਦੀ ਲੋੜ ਹੈ।