ਫਗਵਾੜਾ (ਨੇਹਾ): ਫਗਵਾੜਾ 'ਚ ਰਾਤ ਸਮੇਂ ਉਸ ਸਮੇਂ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਸਵਾਰ ਨਕਾਬਪੋਸ਼ ਹਥਿਆਰਬੰਦ ਹਮਲਾਵਰਾਂ ਨੇ ਪਿੰਡ ਭਬਿਆਣ ਵਿਖੇ ਇਕ ਧਾਰਮਿਕ ਸਥਾਨ ਨੇੜੇ ਬੈਠੇ ਬੇਕਸੂਰ ਪਿੰਡ ਵਾਸੀਆਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਾਣਕਾਰੀ ਅਨੁਸਾਰ ਤਿੰਨ ਪਿੰਡ ਵਾਸੀ ਗੋਲੀਆਂ ਨਾਲ ਜ਼ਖ਼ਮੀ ਹੋ ਗਏ ਹਨ, ਜਦੋਂਕਿ ਇੱਕ ਹੋਰ ਪਿੰਡ ਵਾਸੀ ਨੂੰ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ। ਫਿਲਮੀ ਅੰਦਾਜ਼ 'ਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਹਮਲਾਵਰ ਆਪਣੇ ਮੋਟਰਸਾਈਕਲ 'ਤੇ ਮੌਕੇ ਤੋਂ ਫਰਾਰ ਹੋ ਗਏ। ਮੌਕੇ 'ਤੇ ਮੌਜੂਦ ਕੁਝ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਪੰਚਾਇਤੀ ਚੋਣਾਂ ਨੂੰ ਲੈ ਕੇ ਆਪਸ 'ਚ ਚਰਚਾ ਕਰ ਰਹੇ ਸਨ ਕਿ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਅੱਧੀ ਦਰਜਨ ਦੇ ਕਰੀਬ ਹਮਲਾਵਰਾਂ ਨੇ ਦੇਖਦੇ ਹੀ ਦੇਖਦੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ |
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਗੋਲੀਬਾਰੀ ਦੌਰਾਨ ਤਿੰਨ ਵਿਅਕਤੀ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ ਜਦਕਿ ਇੱਕ ਹੋਰ ਵਿਅਕਤੀ ਨੂੰ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀਆਂ ਦੀ ਪਛਾਣ ਬਿੱਟੂ ਪੁੱਤਰ ਬਲਵੀਰ ਚੰਦ, ਜਸ਼ਨ ਪ੍ਰੀਤ ਪੁੱਤਰ ਮਨਜੀਤ ਸਿੰਘ ਅਤੇ ਸੁਰਿੰਦਰ ਪਾਲ ਪੁੱਤਰ ਮਹਿੰਦਰ ਰਾਮ ਤਿੰਨੋਂ ਵਾਸੀ ਪਿੰਡ ਭਬਿਆਣਾ ਵਜੋਂ ਹੋਈ ਹੈ। ਜਦੋਂਕਿ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਬੂਟਾਰਾਮ ਪੁੱਤਰ ਗਿੰਦੀ ਰਾਮ ਵਾਸੀ ਪਿੰਡ ਭਬਿਆਣਾ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ ਹੈ। ਜਿੱਥੇ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਬਿੱਟੂ ਅਤੇ ਜਨਪ੍ਰੀਤ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਰਕਾਰੀ ਡਾਕਟਰਾਂ ਨੇ ਉਨ੍ਹਾਂ ਨੂੰ ਅਗਲੇਰੇ ਇਲਾਜ ਲਈ ਜਲੰਧਰ ਦੇ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।