ਲੈਂਡ ਮਾਫੀਆ ਗਰੋਹ ਦਾ ਪਰਦਾਫਾਸ਼: ਗਲਾਡਾ ਅਧਿਕਾਰੀਆਂ ਦੀ ਮਿਲੀਭੁਗਤ ਨਾਲ 88 ਫਾਈਲਾਂ ਚੋਰੀ, ਕਰੋੜਾਂ ਦੀ ਜ਼ਮੀਨ ਵੇਚੀ, 3 ਗ੍ਰਿਫਤਾਰ, 11 ਨਾਮਜ਼ਦ
ਲੁਧਿਆਣਾ – ਲੁਧਿਆਣਾ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਲੈਂਡ ਮਾਫੀਆ ਨਾਲ ਮਿਲ ਕੇ ਗਲਾਡਾ ਵਿੱਚ ਅਰਬਾਂ ਰੁਪਏ ਦੀ ਜ਼ਮੀਨ ਵੇਚ ਰਿਹਾ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਘਪਲੇ ਵਿੱਚ ਗਲਾਡਾ ਦੇ ਅਧਿਕਾਰੀ ਅਤੇ ਕੰਪਿਊਟਰ ਆਪਰੇਟਰ ਵੀ ਸ਼ਾਮਲ ਹਨ। ਇਹ ਧੋਖਾਧੜੀ ਜਾਇਦਾਦ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਲੋਕਾਂ ਨੂੰ ਮੂਰਖ ਬਣਾ ਕੇ ਕੀਤੀ ਜਾ ਰਹੀ ਸੀ। ਮੁਲਜ਼ਮਾਂ ਨੇ ਜਾਅਲੀ ਮੋਹਰਾਂ ਵੀ ਬਣਵਾਈਆਂ ਹਨ। ਦਫ਼ਤਰ ਵਿੱਚੋਂ ਕਰੀਬ 88 ਸਰਕਾਰੀ ਫਾਈਲਾਂ ਚੋਰੀ ਹੋ ਚੁੱਕੀਆਂ ਹਨ।
ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਕ ਰੈਸਟੋਰੈਂਟ ਮਾਲਕ ਨਾਲ ਜਾਇਦਾਦ ਦੇ ਮਾਮਲੇ ਵਿੱਚ 5.5 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ। ਇਸ ਮਾਮਲੇ ‘ਚ ਗੰਭੀਰ ਧਾਰਾਵਾਂ ਤਹਿਤ ਪ੍ਰਾਪਰਟੀ ਡੀਲਰ ਹਰਵਿੰਦਰ ਸਿੰਘ ਸਚਦੇਵਾ, ਉਸ ਦੇ ਭਰਾ ਪਰਮਿੰਦਰ ਸਿੰਘ ਸਚਦੇਵਾ, ਮਨਦੀਪ ਸਿੰਘ, ਉਪਜੀਤ ਸਿੰਘ, ਨਰੇਸ਼ ਕੁਮਾਰ, ਹਰਜਿੰਦਰ ਸਿੰਘ, ਵਿਜੇ ਕੁਮਾਰ ਉਰਫ਼ ਸੋਨੂੰ, ਦੀਪਕ ਆਹੂਜਾ, ਲਾਡੀ, ਮਨੀਸ਼ ਪੁਰੀ, ਅਮਿਤ ਕੁਮਾਰ ਅਤੇ ਹੋਰਾਂ ਖਿਲਾਫ਼ ਆਈ.ਪੀ.ਸੀ. ਕੇਸ ਦਰਜ ਕੀਤਾ ਗਿਆ।
ਪੁਲਿਸ ਨੇ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ। ਪੁਲੀਸ ਨੇ ਜਦੋਂ ਜਾਂਚ ਦਾ ਘੇਰਾ ਵਧਾਇਆ ਤਾਂ ਇਸ ਮਾਮਲੇ ਵਿੱਚ ਅਧਿਕਾਰੀਆਂ ਦੀ ਮਿਲੀਭੁਗਤ ਸਾਹਮਣੇ ਆਈ।
ਅਧਿਕਾਰੀਆਂ ਦੀ ਮਿਲੀਭੁਗਤ ਨਾਲ ਗਲਾਡਾ ਦਫ਼ਤਰ ਵਿੱਚੋਂ 88 ਅਸਲ ਫਾਈਲਾਂ ਚੋਰੀ ਹੋ ਗਈਆਂ ਹਨ। ਇਨ੍ਹਾਂ ਵਿੱਚੋਂ 28 ਦੇ ਕਰੀਬ ਫਾਈਲਾਂ ਪੁਲੀਸ ਨੇ ਬਰਾਮਦ ਕਰ ਲਈਆਂ ਹਨ। ਕਮਿਸ਼ਨਰ ਚਾਹਲ ਨੇ ਦੱਸਿਆ ਕਿ ਇਸ ਗਰੋਹ ਦੇ ਮੈਂਬਰ ਗਲਾਡਾ ਦੇ ਕੰਪਿਊਟਰ ਆਪਰੇਟਰ ਅਤੇ ਹੋਰ ਮੁਲਾਜ਼ਮਾਂ ਨਾਲ ਮਿਲ ਕੇ ਫਾਈਲਾਂ ਚੋਰੀ ਕਰਦੇ ਸਨ।
ਜਿਨ੍ਹਾਂ ਨੇ ਗਲਾਡਾ ਦੇ ਸ਼ਾਪ ਕਮ ਆਫਿਸ (ਐਸਸੀਓ) ਨੂੰ ਵਾਪਸ ਕਰ ਦਿੱਤਾ ਸੀ ਜਾਂ ਜਿਨ੍ਹਾਂ ਦੀ ਮੌਤ ਹੋ ਗਈ ਸੀ, ਉਨ੍ਹਾਂ ਦੇ ਨਾਂ ਵੀ ਕੰਪਿਊਟਰ ਆਪਰੇਟਰ ਦੀ ਮਦਦ ਨਾਲ ਰਿਕਾਰਡ ਵਿੱਚ ਬਦਲ ਦਿੱਤੇ ਗਏ ਸਨ।
ਮੁਲਜ਼ਮ ਅਸਲ ਫਾਈਲ ਆਪਣੇ ਕੋਲ ਰੱਖ ਕੇ ਮਾਲਕ ਦਾ ਨਾਂ ਬਦਲ ਲੈਂਦੇ ਸਨ। ਉਸ ਤੋਂ ਬਾਅਦ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਇਹ ਮੁਲਜ਼ਮ ਗਲਾਡਾ ਦੇ ਐਸ.ਸੀ.ਓਜ਼ ਨੂੰ ਲੋਕਾਂ ਨੂੰ ਮਹਿੰਗੇ ਭਾਅ ’ਤੇ ਵੇਚਦੇ ਸਨ। ਕੁਝ ਮਾਮਲਿਆਂ ਵਿੱਚ ਕਥਿਤ ਦੋਸ਼ੀਆਂ ਨੇ ਸਬ-ਰਜਿਸਟਰਾਰ ਦਫ਼ਤਰ ਵਿੱਚ ਜਾਅਲੀ ਗਲਾਡਾ ਅਧਿਕਾਰੀ ਬਣ ਕੇ ਰਜਿਸਟਰੀਆਂ ਵੀ ਕਰਵਾ ਲਈਆਂ ਹਨ।
ਪੁਲੀਸ ਨੇ ਇਸ ਮਾਮਲੇ ਵਿੱਚ ਮਨਦੀਪ ਸਿੰਘ, ਨਰੇਸ਼ ਦੇ ਭਰਾ ਹਰੀਸ਼ ਅਤੇ ਮੀਨਾਕਸ਼ੀ ਉਰਫ ਮੀਨਾ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਮੀਨਾਕਸ਼ੀ ਗਲਾਡਾ ਕਰਮਚਾਰੀ ਰਾਜ ਦੀ ਪਤਨੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਰਾਜ ਨੂੰ ਵੀ ਨਾਮਜ਼ਦ ਕੀਤਾ ਹੈ। ਪੁਲਿਸ ਨੇ ਮੀਨਾਕਸ਼ੀ ਕੋਲੋਂ 5 ਲੱਖ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਹੈ।
ਉਪਜੀਤ ਸਿੰਘ ਇਸ ਪੂਰੇ ਮਾਮਲੇ ਦਾ ਮੁੱਖ ਸਰਗਨਾ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਉਪਜੀਤ ਗਲਾਡਾ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਸੀ ਅਤੇ ਜ਼ਮੀਨਾਂ ਮਨਦੀਪ ਸਿੰਘ ਨੂੰ ਜਾਇਦਾਦ ਦਾ ਮਾਲਕ ਦੱਸ ਕੇ ਵੇਚ ਦਿੱਤੀਆਂ ਗਈਆਂ ਸਨ। ਪੁਲੀਸ ਨੇ ਮੁਲਜ਼ਮਾਂ ਕੋਲੋਂ ਜਾਅਲੀ ਮੋਹਰਾਂ ਸਮੇਤ ਕਈ ਜਾਅਲੀ ਪੱਤਰ ਵੀ ਬਰਾਮਦ ਕੀਤੇ ਹਨ। ਇਸ ਮਾਮਲੇ ਦੀ ਜਾਂਚ ਏਡੀਸੀਪੀ ਅਮਨਦੀਪ ਸਿੰਘ ਬਰਾੜ ਕਰ ਰਹੇ ਹਨ।