ਲੁਧਿਆਣਾ (ਰਾਘਵ) - ਪੰਜਾਬ 'ਚ ਟੋਲ ਟੈਕਸਾਂ ਰਾਹੀ ਲੋਕਾਂ ਤੋਂ ਪੈਸੇ ਵਸੂਲੇ ਜਾਂਦੇ ਹਨ। ਉਥੇ ਹੀ ਸੂਬੇ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਬੰਦ ਹੈ। ਇਸ ਦੌਰਾਨ ਟੋਲ ਤੋਂ ਲੰਘਣ ਵਾਲੇ ਵਾਹਨ ਚਾਲਕ ਮੁਫ਼ਤ 'ਚ ਉਥੋਂ ਆ ਜਾ ਰਹੇ ਹਨ। ਦੱਸ ਦਈਏ ਕਿ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਅਤੇ ਸਟੇਟ ਦੇ ਲੱਗਭਗ 42 ਤੋਂ ਵੱਧ ਟੋਲ ਪਲਾਜ਼ਾ ਹਨ, ਜੋ ਪੂਰੇ ਪੰਜਾਬ ਭਰ ਦੇ ਵਿੱਚ ਫੈਲੇ ਹੋਏ ਹਨ।
ਪੰਜਾਬੀਆਂ ਨੂੰ ਇਹਨਾਂ ਟੋਲ ਟੈਕਸਾਂ ਤੋਂ ਲੰਘਣ ਲਈ ਆਪਣੀ ਜੇਬ੍ਹ ਢਿੱਲੀ ਕਰਨੀ ਪੈਂਦੀ ਹੈ। ਦੱਸ ਦਈਏ ਕਿ ਲੁਧਿਆਣਾ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਹੈ, ਜਿਸ ਦੀ ਇੱਕ ਪਾਸੇ ਦੀ ਫੀਸ 220 ਰੁਪਏ ਹੈ ਅਤੇ ਜੇਕਰ ਤੁਹਾਡੇ ਕੋਲ ਫਾਸਟੈਗ ਨਹੀਂ ਹੈ ਤਾਂ 400 ਤੋਂ ਵੱਧ ਦੀ ਕੀਮਤ ਵਸੂਲੀ ਜਾਂਦੀ ਹੈ। ਇਸੇ ਕਰਕੇ ਇਸ ਟੋਲ ਪਲਾਜ਼ਾ ਨੂੰ ਪਿਛਲੇ ਕਈ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਵਲੋਂ ਮੁਫ਼ਤ ਕੀਤਾ ਗਿਆ ਸੀ।
ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਟੋਲ ਪਲਾਜ਼ਾ ਜਾਂ ਤਾਂ ਬੰਦ ਕੀਤਾ ਜਾਵੇ ਜਾਂ ਫਿਰ ਇਸ ਦੀਆਂ ਕੀਮਤਾਂ ਘਟਾਈਆਂ ਜਾਣ ਕਿਉਂਕਿ ਸੁਵਿਧਾਵਾਂ ਦੇ ਨਾਂ 'ਤੇ ਇੱਥੇ ਕੁਝ ਨਹੀਂ ਹੈ। ਉਥੇ ਹੀ ਮੰਗਾਂ ਪੂਰੀਆਂ ਨਾ ਹੁੰਦੀਆਂ ਦੇਖ ਹੁਣ ਕਿਸਾਨ ਜਥੇਬੰਦੀਆਂ ਵੱਡਾ ਐਕਸ਼ਨ ਕਰਨ ਦੀ ਤਿਆਰੀ 'ਚ ਹਨ। ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ 30 ਜੂਨ ਐਤਵਾਰ ਵਾਲੇ ਦਿਨ 11 ਵਜੇ ਸਾਰੇ ਜਥੇਬੰਦੀਆਂ ਮਿਲ ਕੇ ਲਾਡੋਵਾਲ ਟੋਲ ਪਲਾਜ਼ਾ ਨੂੰ ਪੱਕੇ ਤੌਰ 'ਤੇ ਤਾਲੇ ਲਗਾ ਦੇਣਗੀਆਂ। ਇਸ ਨੂੰ ਲੈ ਕੇ ਬਕਾਇਦਾ ਕਿਸਾਨ ਯੂਨੀਅਨਾਂ ਵੱਲੋਂ ਪੈਂਫਲਟ ਵੀ ਛਪਾਏ ਗਏ ਹਨ। ਜੋ ਕਿ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।
ਇਸ ਸਬੰਧੀ ਭਾਰਤੀ ਕਿਸਾਨ ਮਜਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਹੋਰ ਜਥੇਬੰਦੀਆਂ ਅਤੇ ਕਿਸਾਨਾਂ ਨੂੰ ਵੱਧ ਚੜ ਕੇ 30 ਜੂਨ ਨੂੰ ਲਾਡੋਵਾਲ ਟੋਲ ਪਲਾਜ਼ਾ 'ਤੇ ਪਹੁੰਚਣ ਦੀ ਅਪੀਲ ਕੀਤੀ ਹੈ।