ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਲੇ ਦੀ ਕਮੀ ਅਤੇ ਥਰਮਲ ਪਲਾਂਟਸ ’ਚ ਤਕਨੀਕੀ ਖ਼ਰਾਬੀਆਂ ਨੇ ਪਾਵਰਕਾਮ ਦੇ ਨਾਲ-ਨਾਲ ਖਪਤਕਾਰਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ। ਗਰਮੀ ਵਧਣ ਕਾਰਨ ਸਰਕਾਰ ਛੁੱਟੀ ਵਾਲੇ ਦਿਨ ਵੀ ਬਿਜਲੀ ਦੀ ਡਿਮਾਂਡ 6600 ਮੈਗਾਵਾਟ ਤੋਂ ਪਾਰ ਰਹੀ। ਇਹ ਹਾਲਾਤ ਉਦੋਂ ਦੇ ਹਨ, ਜਦੋਂ ਪਾਵਰਕਾਮ ਕਦੇ ਫੀਡਰ ਰਿਪੇਅਰ ਤੇ ਕਦੇ ਫਾਲਟ ਠੀਕ ਕਰਨ ਦੇ ਨਾਂ ’ਤੇ 9-9 ਘੰਟੇ ਲੰਬੇ ਬਿਜਲੀ ਦੇ ਕੱਟ ਲਗਾ ਰਹੀ ਹੈ।
ਪਾਵਰਕਾਮ ਆਪਣੇ ਥਰਮਲ ਪਲਾਂਟ ਨੂੰ ਨੋ ਡਿਮਾਂਡ ਦਾ ਹਵਾਲਾ ਦੇ ਕੇ ਬੰਦ ਕਰ ਰਹੇ ਹਨ ਪਰ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਜੇਕਰ ਬਿਜਲੀ ਦੀ ਡਿਮਾਂਡ ਜਾਂ ਕੋਲੇ ਦੀ ਕਮੀ ਨਹੀਂ ਹੈ ਤਾਂ ਸੂਬੇ ਦੇ ਕਈ ਹਿੱਸਿਆਂ ’ਚ ਰੋਜ਼ 2 ਤੋਂ 9 ਘੰਟੇ ਤੱਕ ਕੱਟ ਕਿਉਂ ਲਗਾਏ ਜਾਂਦੇ ਹਨ।
ਪਿਛਲੇ ਸਾਲ 15,400 ਮੈਗਾਵਾਟ ਦੀ ਡਿਮਾਂਡ ਦੇ ਮੁਕਾਬਲੇ 13,400 ਮੈਗਾਵਾਟ ਦੀ ਉਪਲੱਬਤਾ ਨਾਲ 2000 ਮੈਗਾਵਾਟ ਦਾ ਗੈਪ ਹੋਣ ਕਰਕੇ ਰਿਹਾਇਸ਼ੀ, ਕਮਰਸ਼ੀਅਲ ਕਟੌਤੀ ਤੋਂ ਇਲਾਵਾ ਪਹਿਲੀ ਵਾਰ ਇੰਡਸਟਰੀ ਵੀ ਬੰਦ ਕਰਨੀ ਪਈ ਸੀ। ਮਈ ’ਚ ਝੋਨੇ ਦਾ ਸੀਜ਼ਨ ਸ਼ੁਰੂ ਹੋਣ ’ਤੇ ਡਿਮਾਂਡ 16000 ਮੈਗਾਵਾਟ ਤੋਂ ਪਾਰ ਜਾ ਸਕਦੀ ਹੈ। ਪੰਜਾਬ ’ਚ ਲੱਗਭਗ 14 ਲੱਖ ਖੇਤੀ ਕੁਨੈਕਸ਼ਨ ਹਨ।