ਓਨਟਾਰੀਓ (ਦੇਵ ਇੰਦਰਜੀਤ)- ਮਾਊਂਟ ਐਲਬਰਟ ਵਿੱਚ ਇੱਕ ਘਰ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਤੇ ਪੁਲਿਸ ਦੀ ਸ਼ਮੂਲੀਅਤ ਵਾਲੀ ਸ਼ੂਟਿੰਗ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 3 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਛੁਰੇਬਾਜ਼ੀ ਦੀ ਰਿਪੋਰਟ ਮਿਲਣ ਤੋਂ ਬਾਅਦ ਯੌਰਕ ਰੀਜਨ ਪੁਲਿਸ ਸ਼ਨਿੱਚਰਵਾਰ ਦੁਪਹਿਰ 2:30 ਵਜੇ ਵਿਵੀਅਨ ਕ੍ਰੀਕ ਰੋਡ ਤੇ ਰਿੱਜ ਗੇਟ ਕ੍ਰੀਸੈਂਟ ਏਰੀਆ ਵਿੱਚ ਮਿਲੀ। ਜਦੋਂ ਮੌਕੇ ਉੱਤੇ ਪੁਲਿਸ ਪਹੁੰਚੀ ਤਾਂ ਉੱਥੇ ਉਨ੍ਹਾਂ ਨੂੰ 38 ਸਾਲਾ ਮਹਿਲਾ ਘਰ ਦੇ ਮੁੱਖ ਦਰਵਾਜ਼ੇ ਉੱਤੇ ਮ੍ਰਿਤਕ ਮਿਲੀ। ਘਰ ਵਿੱਚ ਦਾਖਲ ਹੋਣ ਉੱਤੇ ਪੁਲਿਸ ਦਾ ਸਾਹਮਣਾ ਇੱਕ 37 ਸਾਲਾ ਵਿਅਕਤੀ ਨਾਲ ਹੋਇਆ। ਮੁਕਾਬਲੇ ਤੋਂ ਬਾਅਦ ਉਸ ਵਿਅਕਤੀ ਨੂੰ ਪੁਲਿਸ ਵੱਲੋਂ ਗੋਲੀ ਮਾਰ ਦਿੱਤੀ ਗਈ।
2 ਅਤੇ 4 ਸਾਲਾ ਲੜਕੇ ਅਤੇ 35 ਸਾਲਾ ਮਹਿਲਾ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਮਸ਼ਕੂਕ ਦੀ ਮੌਤ ਦੇ ਸਬੰਧ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਵੱਲੋਂ ਜਾਂਚ ਆਪਣੇ ਹੱਥ ਵਿੱਚ ਲੈ ਲਈ ਗਈ ਹੈ। ਇਸ ਤੋਂ ਇਲਾਵਾ ਯੌਰਕ ਪੁਲਿਸ ਵੱਲੋਂ ਛੁਰੇਬਾਜ਼ੀ ਦੀ ਸ਼ੁਰੂਆਤੀ ਘਟਨਾ ਦੀ ਜਾਂਚ ਵੱਖਰੇ ਤੌਰ ਉੱਤੇ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਜਾਣਕਾਰੀ ਨਹੀਂ ਦਿੱਤੀ ਗਈ ਕਿ ਮਸ਼ਕੂਕ ਤੇ ਉਸ ਦੇ ਸਿ਼ਕਾਰ ਵਿਅਕਤੀਆਂ ਦਰਮਿਆਨ ਕੀ ਰਿਸ਼ਤਾ ਸੀ।