ਰਿਲਾਇੰਸ ਪੈਟਰੋਲ ਪੰਪ ਬੁਢਲਾਡਾ ‘ਤੇ ਕਿਸਾਨੀ ਮੋਰਚਾ 235 ਵੇਂ ਦਿਨ ਵਿੱਚ ਦਾਖਲ

by vikramsehajpal

ਬੁਢਲਾਡਾ (ਕਰਨ) -ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਥਾਨਕ ਰਿਲਾਇੰਸ ਪੈਟਰੋਲ ਪੰਪ 'ਤੇ ਆਰੰਭ ਕਿਸਾਨੀ ਮੋਰਚਾ ਅੱਜ 233 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ।


ਅੱਜ ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਆਗੂ ਸਵਰਨਜੀਤ ਸਿੰਘ ਦਲਿਓ , ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਆਗੂ ਤੇਜ ਰਾਮ ਅਹਿਮਦਪੁਰ , ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਸਵਰਨ ਸਿੰਘ ਬੋੜਾਵਾਲ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਗੁਰਨੇ ਕਲਾਂ ਅਤੇ ਹਰਿੰਦਰ ਸਿੰਘ ਸੋਢੀ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੀ ਆਰਥਿਕਤਾ ਅਤੇ ਤਰੱਕੀ ਦੀ ਗਤੀ ਨੂੰ ਪੁੱਠਾ ਗੇੜਾ ਦਿੱਤਾ ਹੈ। ਹਰ ਖੇਤਰ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ।

ਸਰਕਾਰੀ ਖਜਾਨੇ ਦੀ ਆਮਦਨ ਦੇ ਸਰੋਤਾਂ ਨੂੰ ਕੌਡੀਆਂ ਦੇ ਭਾਅ ਕਾਰਪੋਰੇਟਾਂ ਅਤੇ ਆਪਣੇ ਚਹੇਤੇ ਸਰਮਾਏਦਾਰ ਘਰਾਣਿਆਂ ਨੂੰ ਲੁੱਟਾ ਦਿੱਤਾ ਹੈ। ਦੇਸ਼ ਅੰਦਰ ਭੁੱਖਮਰੀ , ਬੇਰੁਜ਼ਗਾਰੀ , ਖੁਦਕੁਸ਼ੀਆਂ , ਭ੍ਰਿਸ਼ਟਾਚਾਰ , ਅਪਰਾਧਿਕ ਘਟਨਾਵਾਂ , ਫਿਰਕੂ ਦੰਗੇ - ਫਸਾਦਾਂ ਆਦਿ ਵਿੱਚ ਬੇਅਥਾਹ ਵਾਧਾ ਹੋਇਆ ਹੈ।


ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਉਸ ਬਿਆਨ ਦੀ ਸ਼ਖਤ ਸਬਦਾਂ ਵਿੱਚ ਨਿੰਦਾ ਕੀਤੀ ਜਿਸ ਵਿੱਚ ਉਸਨੇ ਕਰੋਨਾ ਮਹਾਂਮਾਰੀ ਦੇ ਫੈਲਾਅ ਲਈ ਅੰਦੋਲਨਕਾਰੀ ਕਿਸਾਨਾਂ ਨੂੰ ਜਿੰਮੇਵਾਰ ਠਹਿਰਾਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਜਿਹੇ ਬਿਆਨ ਸਾਬਤ ਕਰਦੇ ਹਨ ਕਿ ਕਾਂਗਰਸੀ ਅਤੇ ਅਕਾਲੀ ਅੰਦਰਖਾਤੇ ਮੋਦੀ ਸਰਕਾਰ ਨਾਲ ਮਿਲਗੋਭਾ ਹਨ।


ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ 26 ਮੲੀ ਨੂੰ ਕਾਲਾ ਦਿਵਸ ਦੇ ਪ੍ਰੋਗਰਾਮ ਨੂੰ ਬੁਢਲਾਡਾ ਅਤੇ ਇਸ ਇਲਾਕੇ ਦੇ ਪਿੰਡਾਂ ਵਿੱਚ ਪੂਰੀ ਸ਼ਕਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਕਾਲੇ ਝੰਡੇ ਘਰਾਂ - ਵਹੀਕਲਾਂ 'ਤੇ ਲਾਏ ਜਾਣਗੇ ਅਤੇ ਨਰਿੰਦਰ ਮੋਦੀ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਇਸ ਸਬੰਧੀ ਯੋਜਨਾਬੱਧ ਢੰਗ ਨਾਲ ਤਿਆਰੀਆਂ ਜੋਰਾਂ - ਸ਼ੋਰਾਂ ਨਾਲ ਆਰੰਭ ਹਨ।


ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸਾਬਕਾ ਮੁਲਾਜ਼ਮ ਆਗੂ ਜਵਾਲਾ ਸਿੰਘ ਗੁਰਨੇ , ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ , ਮੱਲ ਸਿੰਘ ਬੋੜਾਵਾਲ , ਕਾਲਾ ਸਿੰਘ ਗੁਰਨੇ ਕਲਾਂ , ਮਿੱਠੂ ਸਿੰਘ ਅਹਿਮਦਪੁਰ ,ਮਿੱਠੂ ਸਿੰਘ ਗੁਰਨੇ ਕਲਾਂ , ਸੁਰਜੀਤ ਸਿੰਘ ਅਹਿਮਦਪੁਰ , ਸਰਪੰਚ ਬਲਦੇਵ ਸਿੰਘ ' ਮੱਖਣ ' ਗੁਰਨੇ ਖੁਰਦ , ਬਸੰਤ ਸਿੰਘ ਸਹਾਰਨਾ ਅਤੇ ਜਥੇਦਾਰ ਜਵਾਲਾ ਸਿੰਘ ਨੇ ਸੰਬੋਧਨ ਕੀਤਾ ।