ਕੁਰਾਲੀ (ਦੇਵ ਇੰਦਰਜੀਤ)- ਦਿੱਲੀ ਵਿਚ ਕਿਸਾਨ ਸੰਘਰਸ਼ ਵਿੱਚ ਜਾਣ ਵਾਲੇ ਕਿਸਾਨਾਂ ਲਈ ਸ਼ਹਿਰ ਵਿੱਚ ਲਾਏ ਲੰਗਰ ’ਤੇ ਕੁਝ ਦਿਨਾਂ ਦੌਰਾਨ ਦੂਜੀ ਵਾਰ ਨਕਾਬਪੋਸ਼ਾਂ ਨੇ ਹਮਲਾ ਕਰ ਕੇ ਕਿਸਾਨਾਂ ਲਈ ਲਾਏ ਲੰਗਰ ਬੰਦ ਕਰਨ ਨੂੰ ਲੈ ਕੇ ਧਮਕੀਆਂ ਦਿੱਤੀਆਂ। ਹਮਲਾਵਰਾਂ ਨੇ ਕਿਸਾਨ ਵਿਰੋਧੀ ਨਾਅਰੇ ਵੀ ਲਗਾਏ। ਲੰਗਰ ਪ੍ਰਬੰਧਕਾਂ ਨੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਲੰਗਰ ਦੇ ਮੁੱਖ ਪ੍ਰਬੰਧਕ ਗੁਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਕਿਸਾਨ ਸੰਘਰਸ਼ ਦੇ ਚਲਦਿਆਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਦੇ ਖਾਲਸਾ ਸਕੂਲ ਸਾਹਮਣੇ ਮੈਦਾਨ ਵਿੱਚ ਪਿਛਲੇ ਕਰੀਬ ਇੱਕ ਮਹੀਨੇ ਤੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਅੱਧੀ ਰਾਤ ਵੇਲੇ ਜਦੋਂ ਸੇਵਾ ਕਰਨ ਵਾਲੇ ਆਪਣੇ ਘਰਾਂ ਨੂੰ ਜਾ ਚੁੱਕੇ ਸਨ ਅਤੇ ਉਹ ਵੀ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਬਿਨਾਂ ਨੰਬਰ ਪਲੇਟ ਦੇ ਦੋ ਸਫ਼ਾਰੀ ਗੱਡੀਆਂ ਲੰਗਰ ਸਾਹਮਣੇ ਆ ਕੇ ਰੁਕੀਆਂ ਅਤੇ ਲੰਗਰ ਨੂੰ ਪੱਕੇ ਤੌਰ ’ਤੇ ਬੰਦ ਕਰਨ ਬਾਰੇ ਧਮਕੀਆਂ ਦੇਣ ਲੱਗ ਪਏ। ਨਕਾਬਪੋਸ਼ਾਂ ਨੇ ਉਨ੍ਹਾਂ ਨਾਲ ਗਾਲੀ ਗਲੋਚ ਵੀ ਕੀਤਾ। ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਵੀ ਰਾਤ ਸਮੇਂ ਜਦੋਂ ਕਿਸਾਨਾਂ ਦੀਆਂ ਟਰਾਲੀਆਂ ਹਾਲੇ ਲੰਗਰ ’ਤੇ ਪੁੱਜੀਆਂ ਹੀ ਸਨ ਤਾਂ ਜਿਪਸੀ ਅਤੇ ਮੋਟਰਸਾਈਕਲਾਂ ’ਤੇ ਦਰਜਨਾਂ ਨੌਜਵਾਨਾਂ ਨੇ ਲੰਗਰ ਵਿੱਚ ਆ ਕੇ ਕੁੱਟਮਾਰ ਕੀਤੀ ਸੀ।
ਗੋਲਡੀ ਅਨੁਸਾਰ ਇਸ ਘਟਨਾ ਸਬੰਧੀ ਤੁਰੰਤ 100 ਨੰਬਰ ’ਤੇ ਕਾਲ ਵੀ ਕੀਤੀ ਗਈ ਪਰ ਪੁਲੀਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਗੁਰਜੀਤ ਸਿੰਘ ਗੋਲਡੀ ਅਤੇ ਹੋਰਨਾਂ ਵਲੋਂ ਅੱਜ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਇਸ ਘਟਨਾ ਦੀ ਹੋਰ ਜਥੇਬੰਦੀਆਂ ਨੇ ਨਿਖੇਧੀ ਕੀਤੀ ਹੈ।