ਪੱਤਰ ਪ੍ਰੇਰਕ : ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਕੇਂਦਰ ਨਾਲ ਮੀਟਿੰਗ ਰੱਖੀ ਗਈ ਹੈ। ਇਹ ਮੀਟਿੰਗ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ 'ਚ ਹੋ ਰਹੀ ਹੈ। ਇਸ ਮੀਟਿੰਗ ਵਿੱਚ ਕੇਂਦਰੀ ਮੰਤਰੀ ਅਰਜੁਨ ਮੁੰਡਾ,ਪੀਯੂਸ਼ ਗੋਇਲ ਅਤੇ ਨਿਤਿਆਨੰਦ ਰਾਏ ਵੀ ਮੌਜੂਦ ਹਨ। ਇਸ ਦੌਰਾਨ ਕੁੱਝ ਮੰਗਾਂ ਨੂੰ ਲੈ ਕੇ ਸਹਿਮਤੀ ਬਣਨ ਦੀ ਖ਼ਬਰ ਸਾਹਮਣੇ ਆਈ ਹੈ। ਉੱਥੇ ਹੀ ਕਿਸਾਨਾਂ ਦੀਆਂ ਖਾਸ ਮੰਗਾਂ 'ਤੇ ਹਾਲੇ ਵੀ ਪੇਚ ਫਸਿਆ ਹੋਇਆ ਹੈ। ਇੰਨ੍ਹਾਂ ਮੰਗਾਂ 'ਚ ਐਮਐਸਪੀ ਦੀ ਗਰੰਟੀ ਅਤੇ ਕਰਜ਼ਾ ਮੁਆਫ਼ੀ ਦੀ ਮੰਗਾਂ ਮੁੱਖ ਹਨ, ਜਿੰਨ੍ਹਾਂ 'ਤੇ ਹਾਲੇ ਤੱਕ ਸਹਿਮਤੀ ਨਹੀਂ ਬਣੀ।
ਇਸ ਦੀ ਜਾਣਕਾਰੀ ਮੀਟਿੰਗ ਦੌਰਾਨ ਬਾਹਰ ਆਏ ਕਿਸਾਨ ਆਗੂ ਰਣਜੀਤ ਸਿੰਘ ਰਾਜੂ ਵੱਲੋਂ ਮੀਡੀਆ ਨੂੰ ਦਿੱਤੀ ਗਈ। ਉਨਾਂ ਆਖਿਆ ਕਿ ਸਰਕਾਰ ਨੇ ਆਖਿਆ ਕਿ ਐਮਐਸਪੀ ਦੀ ਗਾਰੰਟੀ 'ਤੇ ਕੇਂਦਰ ਇਕ ਕਮੇਟੀ ਬਣਾਏਗੀ। ਇਸ ਹਾਈਪਾਵਰ ਕਮੇਟੀ ਵਿੱਚ ਕਿਸਾਨ ਵੀ ਸ਼ਾਮਿਲ ਹੋਣਗੇ। ਕਮੇਟੀ ਸਮਾਂਬੱਧ ਫੈਸਲਾ ਲਵੇਗੀ। ਇਸ ਦੇ ਨਾਲ ਆਖਿਆ ਕਿ ਮੀਟਿੰਗ ਖ਼ਤਮ ਹੋਣ ਮਗਰੋਂ ਬਾਕੀ ਗੱਲ ਅਤੇ ਅੱਗੇ ਦੀ ਰਣਨੀਤੀ ਦੀ ਜਾਣਾਕਰੀ ਸਾਂਝੀ ਕੀਤੀ ਜਾਵੇਗੀ। ਇਸ ਤੋਂ ਪਹਿਲ਼ਾਂ ਵੀ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਦੀ ਇੱਕ ਮੀਟਿੰਗ ਹੋ ਚੁੱਕੀ ਹੈ। ਉਸ ਮੀਟਿੰਗ ਦੌਰਾਨ ਕਈ ਗੱਲਾਂ 'ਤੇ ਸਹਿਮਤੀ ਬਣ ਗਈ ਸੀ। ਇਸ ਮੀਟਿੰਗ ਦੀ ਵਿਚੋਲਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਸੀ।
ਗੌਰਤਲਬ ਹੈ ਕਿ ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨ ਜੱਥੇਬੰਦੀਆਂ ਨੇ ਆਪਸ 'ਚ ਮੀਟਿੰਗ ਕੀਤੀ ਅਤੇ ਫਿਰ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ। ਜਿੱਥੇ ਗੱਲਬਾਤ ਨਾਲ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।