ਦਿੱਲੀ (ਦੇਵ ਇੰਦਰਜੀਤ) : ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਇਕ ਅਦਾਲਤ ਨੇ ਦਿੱਲੀ ਦੀ ਸਿੰਘੂ ਸਰਹੱਦ ’ਤੇ ਕਿਸਾਨਾਂ ਦੇ ਪ੍ਰਦਰਸ਼ਨ ਵਾਲੀ ਜਗ੍ਹਾ ਨੇੜੇ ਇਕ ਮਜ਼ਦੂਰ ਦੇ ਕਤਲ ’ਚ ਗ੍ਰਿਫ਼ਤਾਰ ਚਾਰ ਨਿਹੰਗਾਂ ਦੀ ਪੁਲਸ ਰਿਮਾਂਡ 2 ਦਿਨਾਂ ਲਈ ਵਧਾ ਦਿੱਤੀ ਹੈ। ਹਰਿਆਣਾ ਪੁਲਸ ਨੇ ਸਰਬਜੀਤ ਸਿੰਘ, ਨਾਰਾਇਣ ਸਿੰਘ, ਗੋਵਿੰਦਪ੍ਰੀਤ ਸਿੰਘ ਅਤੇ ਭਗਵੰਤ ਸਿੰਘ ਨੂੰ ਕੋਰਟ ’ਚ ਪੇਸ਼ ਕੀਤਾ।
ਸੋਨੀਪਤ ਦੇ ਪੁਲਸ ਡਿਪਟੀ ਸੁਪਰਡੈਂਟ ਵੀਰੇਂਦਰ ਸਿੰਘ ਨੇ ਫ਼ੋਨ ’ਤੇ ਦੱਸਿਆ ਕਿ ਅਦਾਲਤ ਨੇ ਚਾਰੇ ਦੋਸ਼ੀਆਂ ਦੀ ਪੁਲਸ ਰਿਮਾਂਡ 2 ਦਿਨਾਂ ਲਈ ਵਧਾ ਦਿੱਤੀ ਹੈ।
ਸਰਬਜੀਤ ਸਿੰਘ ਨੂੰ 16 ਅਕਤੂਬਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ ਅਤੇ ਉਸ ਨੂੰ 7 ਦਿਨਾਂ ਦੀ ਪੁਲਸ ਹਿਰਾਸਤ ’ਚ ਭੇਜਿਆ ਗਿਆ, ਉੱਥੇ ਹੀ ਤਿੰਨ ਹੋਰ ਨੂੰ 6 ਦਿਨਾਂ ਦੀ ਪੁਲਸ ਹਿਰਾਸਤ ’ਚ ਭੇਜਿਆ ਗਿਆ ਸੀ। ਮਜ਼ਦੂਰ ਲਖਬੀਰ ਸਿੰਘ ਦਾ ਪਿਛਲੇ ਹਫ਼ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਲਾਸ਼ ਸਿੰਘੂ ਸਰਹੱਦ ਕੋਲ ਇਕ ਬੈਰੀਕੇਡ ਨਾਲ ਲਟਕਾ ਦਿੱਤੀ ਗਈ ਸੀ।
ਉਸ ਦਾ ਹੱਥ ਵੱਢ ਦਿੱਤਾ ਸੀ ਅਤੇ ਉਸ ਦੇ ਸਰੀਰ ’ਤੇ ਜ਼ਖਮ ਦੇ ਕਈ ਨਿਸ਼ਾਨ ਸਨ। ਦੋਸ਼ੀ ਨਿਹੰਗਾਂ ਨੇ ਕਿਹਾ ਸੀ ਕਿ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਇਕ ਪਿੰਡ ਦੇ ਵਾਸੀ ਲਖਬੀਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਸਜ਼ਾ ਦਿੱਤੀ ਗਈ ਸੀ।