ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਰੀਦਕੋਟ ਦੇ ਪਿੰਡ ਸ਼ੇਰ ਸਿੰਘ ਵਾਲਾ ਦਾ ਨੌਜਵਾਨ ਜਸਵਿੰਦਰ ਸਿੰਘ ਉਮਰ 29 ਸਾਲ ਪਿਛਲੇ 7 ਸਾਲਾਂ ਤੋਂ ਘਰੋਂ ਲਾਪਤਾ ਸੀ। ਜਸਵਿੰਦਰ ਦੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਫ਼ੌਜ ਦੀ ਭਰਤੀ ਦੀ ਪ੍ਰੈਕਟਿਸ ਕਰਨ ਲਈ ਰੋਜ਼ਾਨਾ ਦੌੜਦਾ ਹੁੰਦਾ ਸੀ ਅਤੇ ਉਹ ਵਾਪਸ ਘਰ ਨਹੀਂ ਆਇਆ। ਪਰਿਵਾਰ ਵਾਲਿਆਂ ਨੇ ਉਸਦੀ ਭਾਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਅਸਫਲ ਰਹੇ।
ਥਾਣਾ ਸਾਦਿਕ ਦੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜਸਵਿੰਦਰ ਸਿੰਘ ਬਿਲਕੁਲ ਠੀਕ ਹੈ ਅਤੇ ਉਹ ਖਟਕੜ ਕਲਾਂ ਵਿਖੇ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਲਈ ਲੱਗ ਰਹੇ ਟੈਂਟ ਵਿੱਚ ਬਤੌਰ ਮਜ਼ਦੂਰ ਕੰਮ ਕਰ ਰਿਹਾ ਸੀ ਤਾਂ ਓਥੇ ਦੇ ਪੁਲਿਸ ਕਰਮਚਾਰੀਆਂ ਨੇ ਸਕਿਓਰਿਟੀ ਮੰਤਵ ਲਈ ਸਮਾਰੋਹ ਦੀ ਤਿਆਰੀ ਵਿੱਚ ਲੱਗੇ ਸਾਰੇ ਕਾਮਿਆਂ ਦੇ ਪਛਾਣ ਪੱਤਰ ਮੰਗਣੇ ਸ਼ੁਰੂ ਕੀਤੇ ਤਾਂ ਜਸਵਿੰਦਰ ਸਿੰਘ ਕੋਲ ਆਪਣੀ ਪਹਿਚਾਣ ਦੱਸਣ ਵਾਲਾ ਕੋਈ ਕਾਗਜ਼ ਨਹੀਂ ਸੀ , ਉਸਨੇ ਜ਼ੁਬਾਨੀ ਹੀ ਆਪਣਾ ਨਾਮ ਅਤੇ ਘਰ ਦਾ ਪੂਰਾ ਪਤਾ ਸਬੰਧਤ ਅਧਿਕਾਰੀਆਂ ਨੂੰ ਲਿਖਵਾ ਦਿੱਤਾ।
ਫਰੀਦਕੋਟ ਪੁਲਿਸ ਨੇ ਜਸਵਿੰਦਰ ਸਿੰਘ ਬਾਰੇ ਉਸਦੇ ਪਿੰਡ ਜਾ ਕੇ ਪਤਾ ਕੀਤਾ ਤਾਂ ਪਿੰਡ ਵਾਸੀਆਂ ਨੇ ਦੱਸਿਆ ਜਸਵਿੰਦਰ ਸਿੰਘ ਤਾਂ ਪਿਛਲੇ 7 ਸਾਲਾਂ ਤੋਂ ਲਾਪਤਾ ਹੈ ਪਰ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਜਸਵਿੰਦਰ ਸਿੰਘ ਬਿਲਕੁਲ ਠੀਕ ਹੈ ਤੇ ਉਹ ਖਟਕੜ ਕਲਾਂ ਵਿੱਚ ਕੰਮ ਕਰ ਰਿਹਾ ਹੈ।