ਦਸਤਾਰ ਦੀ ਸ਼ਾਨ ਉੱਚੀ ਕਰਨ ਵਾਲੇ ਖ਼ਾਲਸਾ ‘ਤੇ ਬਣੀ ਫਿਲਮ ਨੂੰ ਅਮਰੀਕਾ ‘ਚ ਮਿਲਿਆ ਇਹ ਐਵਾਰਡ

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ 'ਚ ਭਾਰਤੀ ਮੂਲ ਦੀ ਪ੍ਰਸਿੱਧ ਸਿੱਖ ਹਸਤੀ ਗੁਰਿੰਦਰ ਸਿੰਘ ਖ਼ਾਲਸਾ ਦੀ ਜ਼ਿੰਦਗੀ 'ਤੇ ਬਣੀ ਲਘੂ ਫਿਲਮ ਨੇ ਵੱਕਾਰੀ ਪੁਰਸਕਾਰ ਜਿੱਤਿਆ ਹੈ। ਉਨ੍ਹਾਂ ਦੀ ਇਕ ਮੁਹਿੰਮ ਕਾਰਨ ਅਮਰੀਕੀ ਅਧਿਕਾਰੀਆਂ ਨੂੰ ਦਸਤਾਰ ਨੂੰ ਲੈ ਕੇ ਆਪਣੀ ਨੀਤੀ ਵਿਚ ਤਬਦੀਲੀ ਕਰਨੀ ਪਈ ਸੀ। ਇਸ ਫਿਲਮ ਦੀ ਝੋਲੀ 'ਚ ਅਮਰੀਕਾ ਦੇ ਮੋਨਟਾਨਾ 'ਚ ਹੋਏ ਕੋਵਲਾਈਟ ਕੌਮਾਂਤਰੀ ਫਿਲਮ ਮਹਾਉਤਸਵ 'ਚ 'ਸ਼ਾਰਟ ਆਫ ਦੀ ਈਅਰ' ਦਾ ਐਵਾਰਡ ਗਿਆ ਹੈ। 

ਫਿਲਮ ਮਹਾਉਤਸਵ ਦੇ ਪ੍ਰਬੰਧਕਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਜੇਨਾ ਰੁਈਜ ਦੀ ਨਿਰਦੇਸ਼ਨਾ ਹੇਠ ਬਣੀ 'ਸਿੰਘ' ਨੂੰ ਇਸ ਸ਼੍ਰੇਣੀ 'ਚ ਸ਼ਾਮਲ ਕੀਤੀਆਂ ਗਈਆਂ 100 ਫਿਲਮਾਂ ਵਿਚੋਂ ਚੁਣਿਆ ਗਿਆ ਹੈ। ਇਹ ਫਿਲਮ ਖ਼ਾਲਸਾ ਨਾਲ ਵਾਪਰੀ ਸੱਚੀ ਘਟਨਾ 'ਤੇ ਆਧਾਰਿਤ ਹੈ।

'ਸਿੰਘ' ਦੀ ਕਹਾਣੀ ਉਸ ਘਟਨਾ 'ਤੇ ਆਧਾਰਿਤ ਹੈ ਜਦੋਂ ਮਈ 2007 'ਚ ਖ਼ਾਲਸਾ ਨੂੰ ਦਸਤਾਰ ਹਟਾਏ ਬਿਨਾਂ ਇਕ ਜਹਾਜ਼ 'ਚ ਸਵਾਰ ਹੋਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ। ਉਦੋਂ ਉਨ੍ਹਾਂ ਨੂੰ ਆਪਣੀ ਆਸਥਾ ਤੇ ਦਸਤਾਰ ਦੋਵਾਂ ਵਿੱਚੋਂ ਕਿਸੇ ਇਕ ਨੂੰ ਚੁਣਨ ਲਈ ਕਿਹਾ ਗਿਆ ਸੀ। ਉਹ ਆਪਣੀ ਮਾਂ ਨੂੰ ਮਿਲਣ ਲਈ ਜਾ ਰਹੇ ਸਨ ਜੋ ਮਹਿਜ਼ ਕੁਝ ਦਿਨ ਦੀ ਹੀ ਮਹਿਮਾਨ ਸੀ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਅਮਰੀਕੀ ਸੰਸਦ ਦਾ ਧਿਆਨ ਖਿੱਚਣ ਲਈ ਇਕ ਮੁਹਿੰਮ ਚਲਾਈ ਸੀ। ਸਿੱਟੇ ਵਜੋਂ ਪੂਰੇ ਦੇਸ਼ ਦੇ ਹਵਾਈ ਅੱਡੇ 'ਤੇ ਦਸਤਾਰ ਨੂੰ ਲੈ ਕੇ ਨੀਤੀ ਵਿਚ ਤਬਦੀਲੀ ਕਰਨੀ ਪਈ ਸੀ।