ਲੰਡਨ ਡੈਸਕ (ਵਿਕਰਮ ਸਹਿਜਪਾਲ) : ਭਾਰਤੀ ਵਿਦੇਸ਼ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਵੱਖ-ਵੱਖ ਮਾਮਲਿਆਂ 'ਚ ਲੌੜੀਂਦਾ ਖ਼ਾਲਿਸਤਾਨੀ ਸਮਰੱਥਕ ਪਰਮਜੀਤ ਸਿੰਘ ਪੰਮਾ ਚੱਲ ਰਹੇ ਵਿਸ਼ਵ ਕੱਪ 2019 ਦੇ ਭਾਰਤ ਅਤੇ ਇੰਗਲੈਂਡ ਦੇ ਪਿਛਲੇ ਦਿਨੀਂ ਹੋਏ ਮੈਚ ਨੂੰ ਦੇਖਣ ਆਇਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪੰਮਾ ਸੰਨ 1992 ਵਿੱਚ ਕਈ ਤਰ੍ਹਾਂ ਦੇ ਜੁਰਮਾਂ ਵਿੱਚ ਸ਼ਾਮਲ ਸੀ ਅਤੇ 1994 ਵਿੱਚ ਉਸ ਨੇ ਭਾਰਤ ਨੂੰ ਛੱਡ ਦਿੱਤਾ ਅਤੇ ਇੰਗਲੈਡ ਵਿੱਚ ਜਾ ਕੇ ਰਹਿਣ ਲੱਗਾ। ਪਰਮਜੀਤ ਸਿੰਘ ਪੰਮਾ ਇੱਕ ਤਰ੍ਹਾਂ ਦੇ ਕੇਸਾਂ ਵਿੱਚ ਭਾਰਤ ਨੂੰ ਲੌੜੀਂਦਾ ਹੈ। ਉਹ ਵੀ ਸਿੱਖਸ ਫ਼ਾਰ ਜਸਟਿਸ ਦਾ ਇੱਕ ਮੈਂਬਰ ਹੈ। ਪੰਮਾ ਹੀ ਵਿਦੇਸ਼ ਵਿੱਚ ਰਹਿ ਕੇ ਪੰਜਾਬ ਵਿੱਚ ਖਾਲਿਸਤਾਨੀ ਸਮਰੱਥਕਾਂ ਨੂੰ ਪੈਸੇ ਮੁਹੱਈਆ ਕਰਵਾ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਯੂਨੀਅਨ ਕੈਬਿਨੇਟ ਨੇ ਸਿੱਖਸ ਫ਼ਾਰ ਜਸਟਿਸ ਨੂੰ ਕ੍ਰਾਂਤੀਕਾਰੀ ਸਿੱਖਾਂ ਦੁਆਰਾ ਚਲਾਇਆ ਜਾ ਰਿਹਾ ਇੱਕ ਕੱਟੜਪੰਥੀਆਂ ਦਾ ਗਰੁੱਪ ਐਲਾਨਿਆ ਹੈ। ਯੂਨੀਅਨ ਕੈਬਿਨੇਟ ਦਾ ਕਹਿਣਾ ਹੈ ਕਿ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਰਗੇ ਮੁਲਕਾਂ ਵਿੱਚ ਰਹਿੰਦੇ ਸਿੱਖਾਂ ਵੱਲੋਂ ਭਾਰਤ ਵਿਰੁੱਧ ਇਹ ਮੁਹਿੰਮ ਚਲਾਈ ਜਾ ਰਹੀ ਹੈ। ਕੈਬਿਨੇਟ ਨੇ ਯੂਏਪੀਏ ਐਕਟ 1967 ਦੀ ਧਾਰਾ 3(1) ਦੇ ਅਧੀਨ ਇਸ ਸਿੱਖਸ ਫ਼ਾਰ ਜਸਟਿਸ ਨੂੰ ਕਾਨੂੰਨ ਦੀ ਉਲੰਘਣਾ ਕਰਨ ਵਾਲਾ ਐਲਾਨਿਆ ਹੈ। ਸਿੱਖਸ ਫ਼ਾਰ ਜਸਟਿਸ ਵਿਰੁੱਧ 12 ਕੇਸ ਦਰਜ ਕਰ ਕੇ 39 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਥੋਂ ਤੱਕ ਕਿ ਸਿੱਖਸ ਫ਼ਾਰ ਜਸਟਿਸ ਦੇ ਸੋਸ਼ਲ ਮੀਡਿਆ ਦੇ ਅਕਾਉਂਟ ਵੀ ਬੰਦ ਕਰ ਦਿੱਤੇ ਗਏ ਹਨ।