ਜਲੰਧਰ (ਰਾਘਵ): ਥਾਣਾ ਛੇ ਦੀ ਹੱਦ ’ਚ ਪੈਂਦੇ ਆਬਾਦਪੁਰਾ ’ਚ ਸਥਿਤ ਇਕ ਘਰ ’ਚ ਸਕੂਲੋਂ ਵਾਪਸ ਆਉਣ ਤੋਂ ਬਾਅਦ ਇਕ ਨਾਬਾਲਿਗਾ ਨੇ ਕਮਰੇ ’ਚ ਜਾ ਕੇ ਫਾਹਾ ਲੈ ਲਿਆ। ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦ ਲੜਕੀ ਦੀ ਮਾਂ ਘਰ ਵਾਪਸ ਆਈ ਤਾਂ ਉਸ ਨੇ ਆਪਣੀ ਧੀ ਨੂੰ ਫਾਹੇ ’ਤੇ ਝੂਲਦੀ ਹੋਈ ਦੇਖਿਆ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਸਾਹਿਲ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਆਬਾਦਪੁਰਾ ’ਚ ਇਕ ਨਬਾਲਿਗਾ ਨੇ ਆਪਣੇ ਘਰ ’ਚ ਫਾਹਾ ਲੈ ਲਿਆ ਹੈ, ਜਿਸ ਮਗਰੋਂ ਉਹ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਭੇਜ ਦਿੱਤੀ। ਉਨ੍ਹਾਂ ਦੱਸਿਆ ਕਿ ਲੜਕੀ ਸਰਕਾਰੀ ਸਕੂਲ ’ਚ ਪੜ੍ਹਦੀ ਹੈ ਤੇ ਮੰਗਲਵਾਰ ਸਕੂਲੋਂ ਵਾਪਸ ਆਉਣ ਤੋਂ ਬਾਅਦ ਉਹ ਆਪਣੇ ਕਮਰੇ ’ਚ ਚਲੀ ਗਈ। ਜਦ ਸ਼ਾਮ ਵੇਲੇ ਉਸ ਦੀ ਮਾਤਾ ਘਰ ਆਈ ਤੇ ਕਮਰੇ ’ਚ ਗਈ ਤਾਂ ਲੜਕੀ ਦੀ ਲਾਸ਼ ਫਾਹੇ ’ਤੇ ਝੂਲ ਰਹੀ ਸੀ। ਉਨ੍ਹਾਂ ਦੱਸਿਆ ਕਿ ਫਿਲਹਾਲ ਪਰਿਵਾਰ ਦੇ ਮੈਂਬਰਾਂ ਨੇ ਹਾਲੇ ਤੱਕ ਕੋਈ ਬਿਆਨ ਨਹੀਂ ਦਿੱਤੇ, ਜਦੋਂ ਪਰਿਵਾਰ ਵਾਲੇ ਕੋਈ ਬਿਆਨ ਦੇਣਗੇ ਤਾਂ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਉਹ ਆਪਣੇ ਤੌਰ ’ਤੇ ਮਾਮਲੇ ਦੀ ਜਾਂਚ ’ਚ ਜੁਟੇ ਹੋਏ ਹਨ।
by nripost