ਦਿੱਲੀ (ਦੇਵ ਇੰਦਰਜੀਤ) : ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਕਈ ਪਾਰਟੀਆਂ ਸਰਗਰਮ ਹੋ ਗਈਆਂ ਹਨ। ਵੱਖ-ਵੱਖ ਪਾਰਟੀ ਦੇ ਨੇਤਾਵਾਂ ਦਾ ਅਯੁੱਧਿਆ ਜਾਣ ਦਾ ਸਿਲਸਿਲਾ ਵੀ ਤੇਜ਼ ਹੋ ਗਿਆ ਹੈ। ਇਸੇ ਕ੍ਰਮ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਵਾਲੀ ਤੋਂ ਪਹਿਲਾਂ ਯਾਨੀ ਕਿ 26 ਅਕਤੂਬਰ ਨੂੰ ਅਯੁੱਧਿਆ ਦੀ ਯਾਤਰਾ ’ਤੇ ਜਾਣਗੇ।
ਇਕ ਨਿਊਜ਼ ਏਜੰਸੀ ਮੁਤਾਬਕ ਕੇਜਰੀਵਾਲ 26 ਅਕਤੂਬਰ ਨੂੰ ਰਾਮ ਲੱਲਾ ਦੇ ਦਰਸ਼ਨ ਲਈ ਅਯੁੱਧਿਆ ਜਾਣਗੇ। ਆਮ ਆਦਮੀ ਪਾਰਟੀ ਨੇ ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ, ਜੋ ਅਗਲੇ ਸਾਲ ਦੇ ਸ਼ੁਰੂਆਤ ਵਿਚ ਹਨ।
ਕੇਜਰੀਵਾਲ ਨੇ ਉੱਤਰ ਪ੍ਰਦੇਸ਼ ਵਿਚ ਪਾਰਟੀ ਦੀ ਜ਼ਿੰਮੇਵਾਰੀ ਸੰਸਦ ਮੈਂਬਰ ਸੰਜੇ ਸਿੰਘ ਦੇ ਹੱਥਾਂ ਵਿਚ ਦਿੱਤੀ ਹੋਈ ਹੈ। ਸੰਜੇ ਸਿੰਘ ਉਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾ ਰਹੇ ਹਨ।
ਹਾਲ ਹੀ ’ਚ ਲਖੀਮਪੁਰ ਦੀ ਘਟਨਾ ਨੂੰ ਲੈ ਕੇ ਸੰਜੇ ਕਾਫੀ ਸਰਗਰਮ ਨਜ਼ਰ ਆਏ ਸਨ। ਸੰਜੇ ਸਿੰਘ ਤੋਂ ਇਲਾਵਾ ਦਿੱਲੀ ਦੇ ਡਿਪਟੀ ਸੀ. ਐੱਮ. ਮਨੀਸ਼ ਸਿਸੋਦੀਆ ਵੀ ਉੱਤਰ ਪ੍ਰਦੇਸ਼ ਵਿਚ ਪਾਰਟੀ ਦੇ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਹਨ।