ਨਿਊਜ਼ ਡੈਸਕ (ਜਸਕਮਲ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ 'ਚ ਸਿਆਸੀ ਅੰਦੋਲਨ ਤੇਜ਼ ਕਰ ਦਿੱਤਾ ਹੈ। ਮੰਗਲਵਾਰ ਨੂੰ ਆਪਣੀ ਪ੍ਰਸਤਾਵਿਤ ਪੰਜਾਬ ਫੇਰੀ ਦੌਰਾਨ ਜਿੱਥੇ ਉਨ੍ਹਾਂ ਨੇ ਅੰਮ੍ਰਿਤਸਰ 'ਚ ਸੀਐੱਮ ਚੰਨੀ ਤੇ ਰੇਤ ਮਾਫੀਆ 'ਤੇ ਹਮਲਾ ਬੋਲਿਆ, ਉਥੇ ਹੀ ਜਲੰਧਰ ਦੇ ਕਰਤਾਰਪੁਰ ਵਿਧਾਨ ਸਭਾ ਹਲਕੇ 'ਚ ਪਹੁੰਚ ਕੇ ਮਹਿਲਾ ਸਸ਼ਕਤੀਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਸ ਦੌਰਾਨ ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਤੇ ਮੌਜੂਦਾ ਚੰਨੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਹ ਕਿਸੇ ਹੋਰ ਦਾ ਗਾਰੰਟੀ ਕਾਰਡ ਨਹੀਂ ਹੈ, ਉਹ ਜੋ ਵਾਅਦਾ ਕਰਦਾ ਹੈ ਉਸਨੂੰ ਪੂਰਾ ਕਰਦਾ ਹੈ। ਕੇਜਰੀਵਾਲ ਨੇ ਚੰਨੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਚੰਨੀ ਉਸ ਨੂੰ ਕਾਲਾ ਕਹਿ ਰਿਹਾ ਹੈ, ਮੇਰਾ ਰੰਗ ਕਾਲਾ ਜ਼ਰੂਰ ਹੈ ਪਰ ਮੇਰੀ ਨੀਅਤ ਕਾਲੀ ਨਹੀਂ ਹੈ।
ਉਨ੍ਹਾਂ ਇਕ ਟਵੀਟ ਰਾਹੀਂ ਕਿਹਾ ਕਿ ਮੈਂ ਐਲਾਨ ਕੀਤਾ ਕਿ ਅਸੀਂ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ 1,000 ਰੁਪਏ ਪ੍ਰਤੀ ਮਹੀਨਾ ਦੇਵਾਂਗੇ। ਚੰਨੀ ਸਾਹਿਬ ਨੇ ਕਿਹਾ ਕਿ ਕੇਜਰੀਵਾਲ ਕਾਲਾ ਹੈ, ਸਿੱਧੀ ਗੱਲ ਕਰਦਾ ਹੈ।
ਦੱਸ ਦੇਈਏ ਕਿ ਪਿਛਲੇ ਦੌਰਿਆਂ 'ਚ ਕੇਜਰੀਵਾਲ ਨੇ ਪੰਜਾਬ 'ਚ ‘ਆਪ’ ਦੀ ਸਰਕਾਰ ਬਣਨ ‘ਤੇ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ। ਕੇਜਰੀਵਾਲ ਦੇ ਦੌਰੇ ਦੌਰਾਨ ਔਰਤਾਂ ਦੇ ਗਾਰੰਟੀ ਕਾਰਡ ਭਰਨ ਦਾ ਪ੍ਰੋਗਰਾਮ ਹੈ। ਇਸ ਮੌਕੇ ਕੇਜਰੀਵਾਲ ਦੇ ਨਾਲ 'ਆਪ' ਪੰਜਾਬ ਦੇ ਕਨਵੀਨਰ ਭਗਵੰਤ ਮਾਨ ਵੀ ਮੌਜੂਦ ਸਨ। ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉਸ ਬਿਆਨ 'ਤੇ ਚੁਟਕੀ ਲਈ, ਜਿਸ 'ਚ ਉਨ੍ਹਾਂ ਨੇ ਉਨ੍ਹਾਂ ਨੂੰ ਕਾਲਾ ਕਿਹਾ ਸੀ।