ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ’ਚ ਚੁਣਾਵੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਰੋਡ ਸ਼ੋਅ ’ਚ ਹਿੱਸਾ ਲਿਆ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ’ਚ ਵੀ ਇਸ ਸਾਲ ਦੇ ਅਖ਼ੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜੋੜੀ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ’ਚ ਤਿਰੰਗਾ ਯਾਤਰਾ ਕੱਢ ਕੇ ਸ਼ਕਤੀ ਪ੍ਰਦਰਸ਼ਨ ਕੀਤਾ।
ਇਸ ਦੌਰਾਨ ਤਿਰੰਗਾ ਲਹਿਰਾਏ ਗਏ। ਰੋਡ ਸ਼ੋਅ ’ਚ ‘ਮੇਰਾ ਰੰਗ ਦੇ ਬਸਤੀ ਚੋਲਾ…’ ਗੀਤ ਵੀ ਵਜਾਇਆ ਗਿਆ। ਕੇਜਰੀਵਾਲ ਅਤੇ ਭਗਵੰਤ ਮਾਨ ਨੇ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਗ੍ਰਹਿ ਜ਼ਿਲ੍ਹਾ ਮੰਡੀ ਤੋਂ ਚੁਣਾਵੀ ਸ਼ੰਖਨਾਦ ਸ਼ੁਰੂ ਕੀਤਾ।
ਭਗਵੰਤ ਮਾਨ ਨੇ ਕਿਹਾ ਕਿ 5 ਸਾਲ ਬਾਅਦ ਆਪਣੇ ਆਪ ਵਾਰੀ ਆ ਜਾਂਦੀ ਹੈ। ਹੁਣ ਭਗਵਾਨ ਨੇ ਸਿਆਸੀ ਗੰਦਗੀ ਸਾਫ ਕਰਨ ਲਈ ‘ਝਾੜੂ’ ਭੇਜਿਆ ਹੈ। ਬੁਨਿਆਦੀ ਸਹੂਲਤਾਂ ਨੂੰ ਵੋਟ ਪਾਓ। ਜਦੋਂ ਤੋਂ ਪੰਜਾਬ ਦੇ ਨਤੀਜੇ ਆਏ ਹਨ ਤਾਂ ਭਾਜਪਾ ਅਤੇ ਕਾਂਗਰਸ ਕਲੀਨ ਬੋਲਡ ਹਨ। 20 ਦਿਨ ਹੋਏ ਪੰਜਾਬ ’ਚ ਸਾਡੀ ਸਰਕਾਰ ਬਣੇ, ਕੰਮ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ, ਇਨ੍ਹਾਂ ਦੀ ਨੀਅਤ ਨਹੀਂ ਹੈ। ਦੋਵੇਂ ਪਾਰਟੀਆਂ ਪਰਿਵਾਰਵਾਦ ਨੂੰ ਹੱਲਾਸ਼ੇਰੀ ਦੇ ਰਹੀਆਂ ਹਨ।