ਨਵੀਂ ਦਿੱਲੀ (Vikram Sehajpal) : ਕਸ਼ਮੀਰ ਵਿੱਚ ਪੋਸਟਪੇਡ ਮੋਬਾਇਲ ਫ਼ੋਨ ਸੇਵਾ ਸਨਿੱਚਰਵਾਰ ਨੂੰ ਮੁੜ ਤੋਂ ਚਾਲੂ ਕੀਤਾ ਜਾਣ ਦੀ ਸੰਭਾਵਨਾ ਹੈ। ਘਾਟੀ ਦਾ ਵਿਸ਼ੇਸ਼ ਦਰਜਾ ਮਨਸੂਖ਼ ਕਰਨ ਤੋਂ ਬਾਅਦ ਕੇਂਦਰ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਫ਼ੋਨ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਸੀ। ਇਸ ਤਰ੍ਹਾਂ 68 ਦਿਨਾਂ ਬਾਅਦ ਇਹ ਸੁਵਿਧਾ ਮੁੜ ਬਹਾਲ ਹੋ ਸਕਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਘਾਟੀ ਵਿੱਚ ਇੰਟਰਨੈੱਟ ਸੁਵਿਧਾ ਚਾਲੂ ਕੀਤਾ ਜਾਣ ਵਿੱਚ ਅਜੇ ਗਾਹਕਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਸ਼ੁਰੂਆਤੀ ਵੇਲੇ ਵਿੱਚ ਪੋਸਟ ਪੇਡ ਦੀ ਸੁਵਿਧਾ ਬਹਾਲ ਕੀਤੀ ਜਾਵੇਗੀ ਅਤੇ ਪ੍ਰੀਪੇਡ ਸ਼ੁਰੂ ਕਰਨ ਵਿੱਚ ਅਜੇ ਥੋੜਾ ਹੋਰ ਸਮਾਂ ਲੱਗ ਸਕਦਾ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੋਸਟ ਪੇਡ ਮੋਬਾਇਲ ਸੁਵਿਧਾ ਲਈ ਗਾਹਕਾਂ ਨੂੰ ਜਾਂਚ ਕਰਵਾਉਣੀ ਪਵੇਗੀ।ਜਾਣਕਾਰੀ ਮੁਤਾਬਕ ਘਾਟੀ ਵਿੱਚ 66 ਲੱਖ ਤੇ ਕਰੀਬ ਮੋਬਾਇਲ ਉਪਭੋਗਤਾ ਹਨ ਜਿਸ ਵਿੱਚੋਂ ਤਕਰੀਬਨ 40 ਲੱਖ ਉਪਭੋਗਤਾਵਾਂ ਕੋਲ ਪੋਸਟ ਪੇਡ ਦੀ ਸੁਵਿਧਾ ਹੈ। ਟੂਰਿਸਟਾਂ ਲਈ ਘਾਟੀ ਖੋਲੇ ਜਾਣ ਤੋਂ ਬਾਅਦ ਹੀ ਇਹ ਫ਼ੈਸਲਾ ਹੋਣ ਦੀ ਉਮੀਦ ਹੈ। ਟੂਰਿਜ਼ਮ ਨਾਲ਼ ਜੁੜੇ ਹੋਏ ਸੰਗਠਨਾਂ ਨੇ ਬੇਨਤੀ ਕੀਤੀ ਹੈ ਕਿ ਜੇ ਮੋਬਾਇਲ ਫ਼ੋਨ ਕੰਮ ਨਹੀਂ ਕਰਨਗੇ ਤਾਂ ਕੋਈ ਵੀ ਟੂਰਿਸਟ ਘਾਟੀ ਵਿੱਚ ਨਹੀਂ ਆਉਣਾ ਚਾਹੇਗਾ।
ਜਦੋਂ ਕਿ ਲੈਂਡਲਾਇਨ ਸੁਵਿਧਾ 17 ਅਗਸਤ ਤੋਂ ਬਹਾਲ ਕੀਤੀ ਗਈ ਸੀ ਅਤੇ 4 ਸਤੰਬਰ ਤੱਕ ਕਰੀਬ 50 ਹਜ਼ਾਰ ਲੈਂਡਲਾਇਨ ਬਹਾਲ ਕਰਨ ਦਾ ਐਲਾਨ ਕੀਤਾ ਗਿਆ ਹੈ।ਜ਼ਿਕਰਕਰ ਦਈਏ ਕਿ ਘਾਟੀ ਵਿੱਚ ਪਹਿਲਾਂ ਇੰਟਰਨੈੱਟ ਦੀ ਸੁਵਿਧਾ ਚਾਲੂ ਕਰ ਦਿੱਤੀ ਗਈ ਸੀ ਪਰ ਨੈੱਟ ਦੀ ਦੁਰਵਰਤੋਂ ਕਰਕੇ ਇੱਕ ਵਾਰ ਮੁੜ ਤੋਂ ਇਸ 'ਤੇ ਰੋਕ ਲਾ ਦਿੱਤੀ ਗਈ ਸੀ।