ਚੰਡੀਗੜ (ਇੰਦਰਜੀਤ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਮਾਮਲੇ ਨੂੰ ਪਾਕਿਸਤਾਨ ਤੋਂ ਅੱਤਵਾਦੀ ਖਤਰੇ ਤੇ ਡਰੋਨ ਮਾਮਲੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਪਾਕਿਸਤਾਨ ਪੰਜਾਬ 'ਚ ਅਸ਼ਾਂਤੀ ਤੇ ਅੱਤਵਾਦ ਫੈਲਾਉਣ ਦੀਆਂ ਕੋਸ਼ਿਸ਼ਾਂ 'ਚ ਲੱਗਾ ਹੋਇਆ ਹੈ ਪਰ ਅਸੀਂ ਉਨ੍ਹਾਂ ਦੇ ਇਰਾਦੇ ਪੂਰੇ ਨਹੀਂ ਹੋਣ ਦੇਵਾਂਗੇ। ਇਸ ਨਾਲ ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਚ ਆਯੋਜਿਤ ਹੋਣ ਵਾਲੇ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਸ਼ਾਮਲ ਹੋਣਗੇ। ਅਮਰਿੰਦਰ ਸਿੰਘ ਨੇ ਰਾਸ਼ਟਰਪਤੀ ਕੋਵਿੰਦ ਤੇ ਪੀਐੱਮ ਮੋਦੀ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਸੱਦਾ ਦਿੱਤਾ। ਦੋਵਾਂ ਨੇ ਇਸ ਨੂੰ ਸਵੀਕਾਰ ਕਰ ਲਿਆ। ਸਮਾਗਮ 'ਚ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਵੀ ਸ਼ਾਮਲ ਹੋਣਗੇ।
ਪ੍ਰਧਾਨਮੰਤਰੀ ਮੋਦੀ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਸੂਬਾ ਸਰਕਾਰ ਪਾਕਿਸਤਾਨ ਤੋਂ ਅੱਤਵਾਦੀ ਖਤਰੇ ਨੂੰ ਨਿਬੇੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਰੱਹਦ 'ਤੇ ਤਨਾਅ ਤੇ ਪਾਕਿਸਤਾਨ ਡਰੋਨ ਨਾਲ ਹਥਿਆਰ ਭੇਜੇ ਜਾਣ ਦੇ ਸਵਾਲ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਦੇ ਪ੍ਰਤੀ ਪੂਰੀ ਤਰ੍ਹਾਂ ਚੌਕਸੀ ਵਰਤੀ ਜਾ ਰਹੀ ਹੈ, ਪਰ ਇਸ ਨੂੰ ਕਿਸੇ ਵੀ ਤਰੀਕੇ ਨਾਲ ਕਰਤਾਰਪੁਰ ਸਾਹਿਬ ਮਾਮਲੇ ਨਾਲ ਨਹੀਂ ਜੋੜਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਧਾਰਮਿਕ ਮੌਕੇ ਨਾਲ ਇਸ ਮਾਮਲੇ ਨੂੰ ਜੋੜਨਾ ਗਲਤ ਹੋਵੇਗਾ।