ਵਿਵਾਦਾਂ ‘ਚ ਘਿਰੀ ਕੰਗਨਾ ਦੀ ਫ਼ਿਲਮ ! ਹੋ ਰਹੀ ਰੋਕ ਲਗਾਉਣ ਦੀ ਮੰਗ…

by vikramsehajpal

ਚੰਡੀਗੜ੍ਹ (ਸਾਹਿਬ) : ਹਾਲ ਹੀ ਵਿੱਚ ਕੰਗਨਾ ਦੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਤੋਂ ਬਾਅਦ ਹੁਣ ਅਦਾਕਾਰਾ ਦੀ ਫਿਲਮ ਵਿਵਾਦ ਵਿੱਚ ਘਿਰ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ ਅਤੇ ਐਮਰਜੈਂਸੀ ਕਾਲ ਉਤੇ ਆਧਾਰਿਤ ਇਸ ਫਿਲਮ ਦੇ ਸੀਨ 'ਤੇ ਇਤਰਾਜ਼ ਜ਼ਾਹਰ ਕਰਦੇ ਹੋਏ ਪੰਜਾਬ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਇਸ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਫਿਲਮ 'ਐਮਰਜੈਂਸੀ' ਵਿੱਚ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤੇ ਜਾਣ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ।

ਇਸ ਨਾਲ ਸਾਡੇ ਸਮਾਜ ਦੀ ਸ਼ਾਂਤੀ ਅਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਡਰ ਹੈ। ਫਿਲਮ ਵਿੱਚ ਸਿੱਖਾਂ ਨੂੰ ਅੱਤਵਾਦੀ ਦੇ ਰੂਪ ਵਿੱਚ ਦਿਖਾਇਆ ਗਿਆ ਹੈ, ਜੋ ਕਿ ਇੱਕ ਸ਼ਾਜ਼ਿਸ ਹੈ। ਇਹ ਫਿਲਮ ਨਫ਼ਰਤ ਫੈਲਾਉਣ ਦਾ ਕੰਮ ਕਰੇਗੀ। ਓਥੇ ਹੀ ਆਪਣੇ ਪੱਤਰ ਵਿੱਚ ਖਾਲਸਾ ਨੇ ਅੱਗੇ ਕਿਹਾ ਕਿ ਸਿੱਖਾਂ ਨੇ ਦੇਸ਼ ਲਈ ਬਹੁਤ ਵੱਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ, ਜੋ ਫਿਲਮ ਵਿੱਚ ਸਾਹਮਣੇ ਨਹੀਂ ਲਿਆਂਦੀਆਂ ਗਈਆਂ ਹਨ। ਪਰ ਸਿੱਖਾਂ ਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਇਸ ਫਿਲਮ ਨੂੰ ਇੱਕ ਸ਼ਾਜਿਸ਼ ਦਾ ਹਿੱਸਾ ਕਿਹਾ ਹੈ। ਇਸ ਦੌਰਾਨ ਜੇਕਰ ਫਿਲਮ ਬਾਰੇ ਗੱਲ ਕਰੀਏ ਹਾਲ ਹੀ ਵਿੱਚ ਕੰਗਨਾ ਰਣੌਤ ਨੇ ਆਪਣੀ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਹੈ।

ਇਹ ਫਿਲਮ 6 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਵਿੱਚ ਅਦਾਕਾਰਾ ਖੁਦ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਟ੍ਰੇਲਰ ਵਿੱਚ ਸਪੱਸ਼ਟ ਹੁੰਦਾ ਹੈ ਕਿ ਫਿਲਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਗਾਈ ਗਈ 'ਐਮਰਜੈਂਸੀ' ਉਤੇ ਆਧਾਰਿਤ ਹੈ। ਟ੍ਰੇਲਰ ਵਿੱਚ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਵੀ ਦਿਖਾਇਆ ਗਿਆ ਹੈ। ਫਿਲਮ 'ਚ ਕੰਗਨਾ ਰਣੌਤ ਤੋਂ ਇਲਾਵਾ ਅਨੁਪਮ ਖੇਰ, ਮਹਿਮਾ ਚੌਧਰੀ, ਮਿਲਿੰਦ ਸੋਮਨ, ਸ਼੍ਰੇਅਸ ਤਲਪੜੇ ਸਮੇਤ ਕਈ ਹੋਰ ਸਿਤਾਰੇ ਆਪਣੀ ਅਦਾਕਾਰੀ ਦਾ ਜੌਹਰ ਦਿਖਾਉਂਦੇ ਨਜ਼ਰੀ ਪੈਣਗੇ।