ਹਿਮਾਚਲ ਪ੍ਰਦੇਸ਼ (ਹਰਮੀਤ) :ਇਥੇ ਜਿਹੜੇ ਕਿਸਾਨ ਪ੍ਰਦਰਸ਼ਨ ਹੋਏ, ਉਥੇ ਲਾਸ਼ਾਂ ਲਟਕੀਆਂ ਹੋਈਆਂ ਸਨ ਅਤੇ ਜਬਰ-ਜਨਾਹ ਹੋ ਰਹੇ ਸਨ…'' ਇਹ ਵਿਵਾਦਤ ਬਿਆਨ ਕਿਸੇ ਹੋਰ ਨੇ ਨਹੀਂ ਸਗੋਂ ਭਾਜਪਾ ਦੀ ਉਘੀ ਮੈਂਬਰ ਪਾਰਲੀਮੈਂਟ ਅਤੇ ਹਮੇਸ਼ਾ ਵਿਵਾਦਾਂ ਨਾਲ ਚਰਚਾ 'ਚ ਰਹਿਣ ਵਾਲੀ ਕੰਗਨਾ ਰਣੌਤ ਨੇ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਐਮ.ਪੀ. ਕੰਗਨਾ ਅਕਸਰ ਕਿਸਾਨਾਂ ਨੂੰ ਲੈ ਕੇ ਵਿਵਾਦਤ ਬਿਆਨ ਦਿੰਦੀ ਰਹਿੰਦੀ ਹੈ, ਹੁਣ ਇੱਕ ਨਿੱਜੀ ਨਿਊਜ਼ ਚੈਨਲ 'ਤੇ ਇੰਟਰਵਿਊ ਦੌਰਾਨ ਉਸ ਨੇ ਫਿਰ ਜ਼ਹਿਰ ਉਗਲਿਆ ਹੈ। ਕੰਗਨਾ ਆਪਣੀ ਨਵੀਂ ਆਉਣ ਵਾਲੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਗੱਲਬਾਤ ਕਰ ਰਹੀ ਸੀ। ਇਸ ਦੌਰਾਨ ਉਸ ਨੇ ਪੰਜਾਬ, ਕਿਸਾਨੀ ਅੰਦੋਲਨ, ਕਾਂਗਰਸ, ਬਾਲੀਵੁੱਡ 'ਚ ਨੇਪੋਟਿਜ਼ਮ ਆਦਿ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ ਅਤੇ ਖੁਦ ਨੂੰ ਸੱਚੀ ਅਭਿਨੇਤਾ ਤੇ ਸਾਫ-ਸੁਥਰਾ ਦੱਸਿਆ।
ਚੰਡੀਗੜ੍ਹ ਦੇ ਥੱਪੜ ਕਾਂਡ ਨੂੰ ਲੈ ਕੇ ਵੀ ਕੰਗਨਾ ਨੇ ਕਿਹਾ, ''ਉਹ ਲੋਕ ਮੇਰੇ ਉਪਰ ਹਮਲਾ ਕਰਕੇ ਮੇਰੇ ਬੋਲਣ ਦੀ ਆਜ਼ਾਦੀ ਨੂੰ ਖੋਹਣਾ ਚਾਹੁੰਦੇ ਹਨ ਅਤੇ ਜੋ ਵੀ ਪੰਜਾਬ ਵਿੱਚ ਹੋ ਰਿਹਾ ਹੈ, ਉਹ ਸਹੀ ਨਹੀਂ ਹੈ।''
ਬੰਗਲਾਦੇਸ਼ ਬਾਰੇ ਕੰਗਨਾ ਨੇ ਕਿਹਾ, ''ਜੋ ਬੰਗਲਾਦੇਸ਼ 'ਚ ਹੋ ਰਿਹਾ ਹੈ, ਉਹ ਇਥੇ ਪੰਜਾਬ 'ਚ ਹੋਣ ਲੱਗਿਆਂ ਵੀ ਦੇਰ ਨਹੀਂ ਲੱਗਣੀ ਸੀ, ਕਿਸਾਨ ਅੰਦੋਲਨ ਜੋ ਹੋਇਆ ਹੈ, ਉਥੇ ਲਾਸ਼ਾਂ ਲਟਕੀਆਂ ਹੋਈਆਂ ਸਨ, ਜਬਰ-ਜਨਾਹ ਹੋ ਰਹੇ ਸਨ ਅਤੇ ਜਦੋਂ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲਏ ਗਏ ਤਾਂ ਦੇਸ਼ ਨੇ ਸੋਚਿਆ ਨਹੀਂ ਸੀ ਕਿ ਬਿੱਲ ਵਾਪਸ ਹੋ ਜਾਣਗੇ, ਪਰ ਉਹ ਕਿਸਾਨ ਅੱਜ ਵੀ ਉਥੇ ਬੈਠੇ ਹੋਏ ਹਨ। ਉਸ ਨੇ ਕਿਹਾ ਕਿ ਇਹ ਬਹੁਤ ਵੱਡੀ ਯੋਜਨਾ ਤਹਿਤ ਹੋਇਆ, ਜਿਵੇੇਂ ਕਿ ਬੰਗਲਾਦੇਸ਼ 'ਚ ਹੋਇਆ।''
ਕੰਗਨਾ ਨੇ ਹਮਲਾ ਕਰਦਿਆਂ ਕਿਹਾ, ''ਇਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਇਨ੍ਹਾਂ ਦਾ ਧੰਦਾ ਚਲਦਾ ਰਹੇਗਾ ਅਤੇ ਦੇਸ਼ ਭਾਵੇਂ ਖੂਹ 'ਚ ਜਾਵੇ, ਪਰ ਅਜਿਹਾ ਨਹੀਂ ਹੁੰਦਾ। ਕਿਉਂਕਿ ਜੇਕਰ ਦੇਸ਼ ਖੂਹ 'ਚ ਡਿੱਗੇਗਾ ਤਾਂ ਤੁਸੀ ਵੀ ਨਾਲ ਹੀ ਖੂਹ 'ਚ ਡਿੱਗੋਗੋ, ਇਹ ਗੱਲ ਇਨ੍ਹਾਂ ਨੂੰ ਰੋਜ਼ਾਨਾ ਦੱਸਣੀ ਚਾਹੀਦੀ ਹੈ।''