ਚੰਡੀਗੜ੍ਹ (ਦੇਵ ਇੰਦਰਜੀਤ) : ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਅਤੇ ਸੀਨੀਅਰ ਕਾਂਗਰਸੀ ਨੇਤਾ ਅੰਬਿਕਾ ਸੋਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਲਈ ਅੱਜ ਉਨ੍ਹਾਂ ਦੇ ਨਾਲ ਸੰਪਰਕ ਕੀਤਾ ਹੈ।
ਕਾਂਗਰਸੀ ਨੇਤਾਵਾਂ ਨੇ ਦੱਸਿਆ ਕਿ ਕਮਲਨਾਥ ਅਤੇ ਅੰਬਿਕਾ ਸੋਨੀ ਦੋਹਾਂ ’ਤੇ ਗਾਂਧੀ ਪਰਿਵਾਰ ਨੂੰ ਕਾਫ਼ੀ ਭਰੋਸਾ ਹੈ। ਦੋਵੇਂ ਹੀ ਗਾਂਧੀ ਪਰਿਵਾਰ ਦੇ ਨੇੜੇ ਮੰਨੇ ਜਾਂਦੇ ਹਨ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਛੱਡਣ ਦੇ ਦਿੱਤੇ ਗਏ ਬਿਆਨ ਤੋਂ ਬਾਅਦ ਕਾਂਗਰਸ ਹਾਈਕਮਾਨ ਵੱਲੋਂ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਕਿਹਾ ਕਿ ਉਹ ਪਾਰਟੀ ਛੱਡਣ ਦਾ ਇਰਾਦਾ ਤਿਆਗ ਦੇਣ।
ਹਾਲੇ ਇਹ ਨਹੀਂ ਪਤਾ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਦੋਹਾਂ ਨੇਤਾਵਾਂ ਨੂੰ ਕੀ ਜਵਾਬ ਦਿੱਤਾ ਹੈ ਪਰ ਕੁਝ ਹੋਰ ਸੀਨੀਅਰ ਨੇਤਾ ਵੀ ਕੈਪਟਨ ਨਾਲ ਸੰਪਰਕ ’ਚ ਦੱਸੇ ਜਾ ਰਹੇ ਹਨ।
ਕੈਪਟਨ ਦੇ ਬਿਆਨ ਤੋਂ ਬਾਅਦ ਸਿਆਸੀ ਸਰਗਰਮੀਆਂ ਕਾਫ਼ੀ ਤੇਜ਼ ਹੋ ਗਈਆਂ ਹਨ। ਕਾਂਗਰਸ ਲੀਡਰਸ਼ਿਪ ਵੀ ਨਹੀਂ ਚਾਹੁੰਦਾ ਹੈ ਕਿ ਇਸ ਸਮੇਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਕੋਈ ਉਥਲ-ਪੁਥਲ ਹੋਵੇ ਜਾਂ ਸਰਕਾਰ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਆਂਚ ਆਵੇ। ਇਸ ਲਈ ਕੈਪਟਨ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹਨ।