ਨਿਊਜ਼ ਡੈਸਕ ਰਿੰਪੀ ਸ਼ਰਮਾ : ਨਾਭਾ ਵਿੱਖੇ ਸਥਾਨਕ ਮੁਹੱਲਾ ਪਾਂਡੂਸਰ ’ਚ ਇਕ ਕਲਯੁਗੀ ਪਿਤਾ ਵੱਲੋਂ ਚਿੱਟੇ ਦੇ ਨਸ਼ੇ ’ਚ ਧੁੱਤ ਨਾ ਹੋਣ ਕਾਰਨ ਆਪਣੀ ਤਿੰਨ ਮਹੀਨਿਆਂ ਦੀ ਮਾਸੂਮ ਬੱਚੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਹੀ ਹੈ ਕਿ ਉਕਤ ਨੌਜਵਾਨ ਅਜੇ ਕੁਮਾਰ ਨੇ 3 ਸਾਲ ਪਹਿਲਾਂ ਲਵ-ਮੈਰਿਜ ਕਰਵਾਈ ਸੀ।
ਉਸ ਨੇ ਰਾਤ ਆਪਣੀ ਬੱਚੀ ਨੂੰ ਬੈੱਡਰੂਮ ਦੀ ਕੰਧ ਨਾਲ ਮਾਰਿਆ, ਜਿਸ ਕਰ ਕੇ ਉਹ ਖੂਨ ਨਾਲ ਲੱਥਪਥ ਹੋ ਗਈ। ਬੱਚੀ ਨੂੰ ਉਸ ਦੇ ਦਾਦੀ-ਦਾਦਾ ਚੁੱਕ ਕੇ ਸਿਵਲ ਹਸਪਤਾਲ ਐਮਰਜੈਂਸੀ 'ਚ ਲੈ ਗਏ, ਜਿੱਥੋਂ ਬੱਚੀ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ। ਦੋਸ਼ੀ ਅਜੇ ਕੁਮਾਰ ਦੇ ਪਿਤਾ ਸੰਜੇ ਕੁਮਾਰ ਨੇ ਦੱਸਿਆ ਕਿ ਮੇਰਾ ਪੁੱਤਰ ਨਸ਼ਾ ਕਰਨ ਦਾ ਆਦੀ ਹੈ।
ਮੈਂ ਕੋਤਵਾਲੀ ਪੁਲਿਸ ਨੂੰ 2 ਦਿਨ ਪਹਿਲਾਂ ਸੂਚਨਾ ਵੀ ਦਿੱਤੀ ਸੀ ਕਿ ਪੁੱਤ ਨਸ਼ੇ ’ਚ ਹੈ। ਦੋ ਪੁਲਿਸ ਮੁਲਾਜ਼ਮ ਆਏ ਅਤੇ ਘਰੋਂ ਕੁੱਝ ਹਥਿਆਰ ਚੁੱਕ ਕੇ ਲੈ ਗਏ ਪਰ ਪੁੱਤ ਨੂੰ ਨਾਲ ਲੈ ਕੇ ਨਹੀਂ ਗਏ। ਜੇਕਰਪੁਲਿਸ ਅਜੇ ਕੁਮਾਰ ਨੂੰ ਫੜ੍ਹ ਕੇ ਲੈ ਜਾਂਦੀ ਤਾਂ ਮਾਸੂਮ ਬੱਚੀ ਦਾ ਕਤਲ ਨਹੀਂ ਹੋ ਸਕਦਾ ਸੀ। ਡੀ. ਐੱਸ. ਪੀ. ਰਾਜੇਸ਼ ਛਿੱਬੜ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਅਜੇ ਫ਼ਰਾਰ ਹੈ।