ਪੰਜਾਬ ਦੇ ਕਪੂਰਥਲਾ ਦੇ ਕਬੱਡੀ ਖਿਡਾਰੀ ਦੀ ਕੈਨੇਡਾ 'ਚ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ। ਉਹ ਪੰਜ ਮਹੀਨੇ ਪਹਿਲਾਂ ਕੈਨੇਡਾ ਦੀ ਧਰਤੀ 'ਤੇ ਕਬੱਡੀ ਖੇਡਣ ਗਿਆ ਸੀ। ਇਹ ਕਬੱਡੀ ਖਿਡਾਰੀ ਕੈਨੇਡਾ ਦੇ ਸ਼ਹਿਰ ਵੈਨਕੂਵਰ ਗਿਆ ਹੋਇਆ ਸੀ, ਜਿੱਥੇ ਉਸ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਪੂਰਥਲਾ ਦੇ ਕਸਬਾ ਢਿਲਵਾਂ ਦੇ ਪਿੰਡ ਸੰਗੋਵਾਲ ਦੇ ਰਹਿਣ ਵਾਲੇ 31 ਸਾਲਾ ਤਲਵਿੰਦਰ ਸਿੰਘ ਤਿੰਦਾ ਵਜੋਂ ਹੋਈ ਹੈ। ਉਹ ਪੰਜ ਮਹੀਨੇ ਪਹਿਲਾਂ ਕਬੱਡੀ ਖੇਡਣ ਕੈਨੇਡਾ ਗਿਆ ਸੀ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਖਿਡਾਰੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਮੌਤ ਦੀ ਖਬਰ ਸੁਣ ਕੇ ਪਰਿਵਾਰ ਦੁਖੀ ਹੈ। ਖੇਡ ਜਗਤ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਪਿੰਡ ਵਿੱਚ ਸੰਨਾਟਾ ਛਾ ਗਿਆ ਹੈ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਮ੍ਰਿਤਕ ਤਲਵਿੰਦਰ ਸਿੰਘ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਸੀ। ਮ੍ਰਿਤਕ ਖਿਡਾਰੀ ਦੇ ਪਿਤਾ ਸੀਤਲ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਤਲਵਿੰਦਰ ਸਿੰਘ ਕਰੀਬ ਪੰਜ ਮਹੀਨੇ ਪਹਿਲਾਂ ਵੈਨਕੂਵਰ ਵਿਖੇ ਕਬੱਡੀ ਖੇਡਣ ਗਿਆ ਸੀ। ਜਿੱਥੇ ਉਸ ਦੀ ਦਿਲ ਦਾ ਦੌਰਾਪੈਣ ਕਾਰਨ ਮੌਤ ਹੋ ਗਈ ਹੈ |
ਉਹਨਾਂ ਦੱਸਿਆ ਕਿ ਕੈਨੇਡਾ ਵਿੱਚ ਤਲਵਿੰਦਰ ਸਿੰਘ ਦੀ ਲਾਸ਼ ਸੰਭਾਲਣ ਵਿੱਚ ਬਹੁਤ ਖਰਚਾ ਆ ਰਿਹਾ ਹੈ ਤੇ ਉਸ ਦੀ ਇੰਨੀ ਹੈਸੀਅਤ ਨਹੀਂ ਕਿ ਉਹ ਇੰਨੀ ਵੱਡੀ ਰਕਮ ਅਦਾ ਕਰ ਸਕੇ। ਦੱਸਣਯੋਗ ਹੈ ਕਿ ਮ੍ਰਿਤਕ ਤਲਵਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ । ਮ੍ਰਿਤਕ ਦੇ ਪਿਤਾ ਨੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ।