ਟਰੋਂਟੋ (ਦੇਵ ਇੰਦਰਜੀਤ) - ਕੋਵਿਡ-19 ਵੈਕਸੀਨੇਸ਼ਨ ਦੀ ਰਫਤਾਰ ਵਧਾਉਣ ਲਈ ਵੀਰਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪ੍ਰੀਮੀਅਰਜ਼ ਨਾਲ ਪਹਿਲੀ ਵਰਚੂਅਲ ਮੀਟਿੰਗ ਕਰਨਗੇ।
ਇਸ ਹਫਤੇ ਦੇ ਸ਼ੁਰੂ ਵਿੱਚ ਟਰੂਡੋ ਨੇ ਕੈਨੇਡੀਅਨਾਂ ਨੂੰ ਕੋਵਿਡ-19 ਸਬੰਧੀ ਲਾਈ ਜਾ ਰਹੀ ਵੈਕਸੀਨ ਦੀ ਢਿੱਲੀ ਰਫਤਾਰ ਤੋਂ ਪਰੇਸ਼ਾਨੀ ਪ੍ਰਗਟਾਈ ਸੀ। ਮੰਗਲਵਾਰ ਨੂੰ ਕੈਨੇਡਾ ਨੂੰ ਮੌਡਰਨਾ ਤੇ ਫਾਈਜ਼ਰ-ਬਾਇਓਐਨਟੈਕ ਦੀਆਂ 425,000 ਦੇ ਨੇੜੇ-ਤੇੜੇ ਡੋਜ਼ਾਂ ਹਾਸਲ ਹੋਈਆਂ ਸਨ ਪਰ ਉਦੋਂ ਤੋਂ ਲੈ ਕੇ ਹੁਣ ਤੱਕ 150,000 ਤੋਂ ਵੀ ਘੱਟ ਕੈਨੇਡੀਅਨਾਂ ਨੂੰ ਟੀਕੇ ਲਾਏ ਗਏ ਹਨ।
ਬੀਤੇ ਮੰਗਲਵਾਰ ਨੂੰ ਸਾਲ ਦੀ ਆਪਣੀ ਪਹਿਲੀ ਨਿਊਂ ਕਾਨਫਰੰਸ ਵਿੱਚ ਟਰੂਡੋ ਨੇ ਆਖਿਆ ਸੀ ਕਿ ਕੈਨੇਡੀਅਨਾਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਟੀਕਾਕਰਣ ਦਾ ਕੰਮ ਤੇਜ਼ੀ ਨਾਲ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਵੀ ਇਹੋ ਲੱਗਦਾ ਹੈ। ਕਈ ਪ੍ਰੋਵਿੰਸਾਂ ਦਾ ਮੰਨਣਾ ਹੈ ਕਿ ਵੈਕਸੀਨ ਦੀ ਵੰਡ ਤੋਂ ਲੈ ਕੇ ਟੀਕਾਕਰਣ ਦੇ ਰਾਹ ਤੱਕ ਕਈ ਅੜਿੱਕੇ ਹਨ। ਖਾਸਤੌਰ ਉੱਤੇ ਫਾਈਜ਼ਰ ਦੀ ਵੈਕਸੀਨ ਨੂੰ ਦੂਰ ਦਰਾਜ ਦੇ ਇਲਾਕਿਆਂ ਤੱਕ ਪਹੁੰਚਾਉਣ ਵਿੱਚ ਬਹੁਤ ਦਿੱਕਤ ਆਉਂਦੀ ਹੈ।