ਓਂਟਾਰੀਓ ਡੈਸਕ (Vikram Sehajpal) : ਲਿਬਰਲ ਪਾਰਟੀ ਦੇ ਆਗੂ ਟਰੂਡੋ ਨਸਲਵਾਦੀ ਤਸਵੀਰਾਂ ਦੇ ਮਾਮਲੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ ਅਤੇ ਹੁਣ ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਇਸ ਮਾਮਲੇ ਵਿੱਚ ਚੁੱਪੀ ਤੋੜਦੇ ਹੋਏ ਕਿਹਾ ਹੈ ਕਿ ਲਿਬਰਲ ਨੇਤਾ ਦਾ ਇਹ ਕਦਮ ਬਰਦਾਸ਼ਤਯੋਗ ਨਹੀਂ ਹੈ। ਸੀਟੀਵੀ ਨਿਊਜ਼ ਟੋਰਾਂਟੋ ਨਾਲ ਇੱਕ ਇੰਟਰਵਿਊ ਦੌਰਾਨ ਡੱਗ ਫੋਰਡ ਨੇ ਕਿਹਾ ਕਿ ਜਸਟਿਨ ਟਰੂਡੋ ਦਾ ਇਹ ਕਦਮ ਨਾ ਤਾਂ 2001 ਵਿੱਚ ਬਰਦਾਸ਼ਤ ਕਰਨ ਯੋਗ ਸੀ ਅਤੇ ਨਾ ਹੀ ਹੁਣ।
ਬਾਕੀ ਇਹ ਫ਼ੈਸਲਾ ਲੋਕਾਂ ਨੇ ਕਰਨਾਂ ਹੈ ਕਿ ਉਹ ਇਹੋ ਜਿਹੇ ਮਾਮਲਿਆਂ ਨਾਲ ਘਿਰੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਹਨ ਜਾਂ ਫਿਰ ਇਸ ਨੂੰ ਬਦਲ ਕੇ ਕਿਸੇ ਹੋਰ ਅਗਾਂਹਵਧੂ ਸੋਚ ਰੱਖਣ ਵਾਲੇ ਸ਼ਖਸ ਨੂੰ ਮੌਕਾ ਦੇਣਾ ਚਾਹੁੰਦੇ ਹਨ। ਦੱਸ ਦੇਈਏ ਕਿ ਬੀਤੇ ਦਿਨੀਂ ਟਾਈਮ ਮੈਗਜ਼ੀਨ ਨੇ 2001 ਦੇ ਇੱਕ ਸਮਾਗਮ ਦੀ ਉਹ ਤਸਵੀਰ ਨਸ਼ਰ ਕੀਤੀ ਸੀ, ਜਿਸ ਵਿੱਚ ਜਸਟਿਨ ਟਰੂਡੋ ਨੇ ਸਿਰ 'ਤੇ ਪਗੜੀ ਰੱਖ ਕੇ ਆਪਣੇ ਮੂੰਹ ਉੱਤੇ ਭੂਰਾ ਮੇਕਅਪ ਭਾਵ ਬਰਾਊਨ ਮੇਕਅਪ ਕੀਤਾ ਹੋਇਆ ਹੈ।
ਇਸੇ ਤਸਵੀਰ ਕਾਰਨ ਉਹ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਅਤੇ ਮਾਮਲਾ ਭਖਦਾ ਵੇਖ ਕੇ ਲਿਬਰਲ ਆਗੂ ਜਸਟਿਨ ਟਰੂਡੋ ਨੇ ਕਿਹਾ ਕਿ 18 ਸਾਲ ਪੁਰਾਣੀ ਇਹ ਤਸਵੀਰ ਉਸ ਸਮੇਂ ਦੀ ਹੈ, ਜਦੋਂ ਉਨਾਂ ਨੇ ਇੱਕ ਪ੍ਰਾਈਵੇਟ ਸਕੂਲ ਦੇਗਾਲਾ ਪ੍ਰੋਗਰਾਮ ਲਈ ਬਰਾਊਨ ਫੇਸ ਅਤੇ ਪਗੜੀ ਸਜਾਈ ਸੀ। ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਇਕ ਅਰਬ ਨਾਈਟਸ ਥੀਮ ਸੀ ਅਤੇ ਉਹ ਅੱਲਾਦੀਨ ਦਾ ਕਿਰਦਾਰ ਨਿਭਾਅ ਰਹੇ ਸਨ। ਲਿਬਰਲ ਆਗੂ ਜਸਟਿਨ ਟਰੂਡੋ ਨੇ ਮੰਨਿਆ ਕਿ ਭੂਰੇ ਰੰਗ ਦਾ ਪਹਿਰਾਵਾ ਨਸਲਵਾਦੀ ਸੀ, ਹਾਲਾਂਕਿ ਉਸ ਸਮੇਂ ਉਸ ਨੇ ਅਜਿਹਾ ਨਹੀਂ ਸੋਚਿਆ ਸੀ। ਇਸ ਲਈ ਉਹ ਹੁਣ ਪੁਰਾਣੀ ਗਲਤੀ ਲਈ ਸਮੂਹ ਭਾਈਚਾਰੇ ਤੋਂ ਮਾਫੀ ਮੰਗਦੇ ਹਨ।