ਨਿਊਜ਼ ਡੈਸਕ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਯੂਕਰੇਨ ਦੇ ਦੌਰੇ ਦੌਰਾਨ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ "ਯੁੱਧ ਅਪਰਾਧਾਂ" ਲਈ ਜ਼ਿੰਮੇਵਾਰ ਹਨ। ਉਹ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕਰਨ ਪਹੁੰਚੇ ਸਨ। ਟਰੂਡੋ ਨੇ ਯੂਕਰੇਨੀ ਨੇਤਾ ਨਾਲ ਇਕ ਨਿਊਜ਼ ਕਾਨਫਰੰਸ 'ਚ ਕਿਹਾ ਕਿ ਇਹ ਸਪੱਸ਼ਟ ਹੈ ਕਿ ਵਲਾਦੀਮੀਰ ਪੁਤਿਨ ਘਿਨਾਉਣੇ ਯੁੱਧ ਅਪਰਾਧਾਂ ਲਈ ਜ਼ਿੰਮੇਵਾਰ ਹੈ। ਯੂਕਰੇਨ ਦੇ ਰਾਸ਼ਟਰਪਤੀ ਸਮੇਤ ਜੀ-7 ਦੀ ਮੀਟਿੰਗ ਤੋਂ ਬਾਅਦ ਟਰੂਡੋ ਨੇ ਕਿਹਾ ਕਿ ਇਸ ਅੱਤ ਘੰਭੀਰ ਮਾਮਲੇ 'ਤੇ ਪੁਤਿਨ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ
ਸ਼ਹਿਰ ਦੇ ਮੇਅਰ ਨੇ ਜਾਣਕਾਰੀ ਦਿੱਤੀ ਕਿ ਮੀਟਿੰਗ ਤੋਂ ਪਹਿਲਾਂ ਦਿਨ 'ਚ ਟਰੂਡੋ ਨੇ ਕੀਵ ਦੇ ਬਾਹਰ ਇਰਪਿਨ ਦਾ ਵੀ ਦੌਰਾ ਕੀਤਾ। ਇਹ ਸ਼ਹਿਰ ਮਾਰਚ 'ਚ ਮਾਸਕੋ ਦੁਆਰਾ ਕਬਜ਼ੇ ਤੋਂ ਪਹਿਲਾਂ ਯੂਕਰੇਨੀ ਤੇ ਰੂਸੀ ਫੌਜਾਂ ਵਿਚਕਾਰ ਹੋਈ ਭਿਆਨਕ ਜੰਗ 'ਚ ਤਬਾਹ ਹੋ ਗਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਰੂਸ ਦੀ ਗੈਰ-ਕਾਨੂੰਨੀ ਜੰਗ ਦੀ ਬੇਰਹਿਮੀ ਨੂੰ ਪਹਿਲੀ ਵਾਰ ਦੇਖਿਆ ਹੈ। ਇਰਪਿਨ ਦੇ ਮੇਅਰ ਓਲੇਕਸੈਂਡਰ ਮਾਰਕੁਸ਼ਿਨ ਨੇ ਇੱਕ ਅਧਿਕਾਰਤ ਸੋਸ਼ਲ ਮੀਡੀਆ ਚੈਨਲ 'ਤੇ ਟਰੂਡੋ ਦੇ ਨਾਲ ਤਸਵੀਰਾਂ ਸਾਂਝੀ ਕੀਤੀਆਂ ਹਨ, ਜਿਸ ਵਿੱਚ ਲਿਖਿਆ ਹੈ ਕਿ "ਉਹ ਇਰਪਿਨ 'ਚ ਆਪਣੀਆਂ ਅੱਖਾਂ ਨਾਲ ਉਹ ਸਭ ਕੁਝ ਦੇਖਣ ਆਇਆ ਜੋ ਰੂਸੀ ਕਬਜ਼ਾ ਕਰਨ ਵਾਲਿਆਂ ਨੇ ਸਾਡੇ ਸ਼ਹਿਰ ਨਾਲ ਕੀਤਾ ਸੀ।"