ਜੰਮੂ (ਕਿਰਨ) : ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਨੈਸ਼ਨਲ ਕਾਨਫਰੰਸ (ਐੱਨ. ਸੀ.) ਦੇ ਪ੍ਰਧਾਨ ਫਾਰੂਕ ਅਬਦੁੱਲਾ 'ਤੇ ਜੰਮੂ-ਕਸ਼ਮੀਰ 'ਚ ਜੇਹਾਦੀ ਏਜੰਡੇ ਨੂੰ ਅੱਗੇ ਵਧਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਆਮ ਲੋਕ ਚਾਹੁੰਦੇ ਹਨ ਕਿ ਕੇਂਦਰ ਸ਼ਾਸਤ ਪ੍ਰਦੇਸ਼ 'ਚ ਸ਼ਾਂਤੀ ਅਤੇ ਖੁਸ਼ਹਾਲੀ ਦੀ ਵਾਪਸੀ ਹੋਵੇ ਪਰ ਅਬਦੁੱਲਾ ਪਰਿਵਾਰ ਵੱਖਰਾ ਏਜੰਡਾ ਚਲਾ ਰਿਹਾ ਹੈ।
ਜੰਮੂ-ਕਸ਼ਮੀਰ 'ਚ ਭਾਜਪਾ ਦੇ ਚੋਣ ਇੰਚਾਰਜ ਚੁੱਘ ਨੇ ਕਿਹਾ ਕਿ ਅਬਦੁੱਲਾ ਪਰਿਵਾਰ ਅਸਲ 'ਚ ਤਿੰਨ ਪੀੜ੍ਹੀਆਂ ਤੋਂ ਖੇਤਰ 'ਚ ਅਸੁਰੱਖਿਆ ਅਤੇ ਅਨਿਸ਼ਚਿਤਤਾ ਦੀ ਭਾਵਨਾ ਫੈਲਾਉਣ ਲਈ ਜੇਹਾਦੀ ਅਤੇ ਫਿਰਕੂ ਏਜੰਡੇ 'ਤੇ ਚੱਲ ਰਿਹਾ ਹੈ। ਚੁੱਘ ਨੇ ਕਿਹਾ ਕਿ ਸ਼ੰਕਰਾਚਾਰੀਆ ਹਿੱਲ ਦਾ ਨਾਮ ਤਖ਼ਤ-ਏ-ਸੁਲੇਮਾਨ ਅਤੇ ਹਰੀ ਪਰਵਤ ਦਾ ਨਾਮ ਬਦਲ ਕੇ ਕੋਹ-ਏ-ਮਾਰਨ ਰੱਖਣ ਦਾ ਵਾਅਦਾ ਕਰਨ ਵਾਲਾ ਐਨਸੀ ਦਾ ਚੋਣ ਮੈਨੀਫੈਸਟੋ ਅਬਦੁੱਲਾ ਪਰਿਵਾਰ ਦੀ ਜੇਹਾਦੀ ਮਾਨਸਿਕਤਾ ਦੀ ਸਪੱਸ਼ਟ ਉਦਾਹਰਣ ਹੈ। ਇਹ ਪਰਿਵਾਰ ਇਲਾਕੇ ਦੇ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਸੇ ਨੂੰ ਤਬਾਹ ਕਰਨ 'ਤੇ ਤੁਲਿਆ ਹੋਇਆ ਹੈ।
ਚੁੱਘ ਨੇ ਕਿਹਾ ਕਿ ਲਲਿਤਾਦਿੱਤਿਆ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਦੋ ਦਰਜਨ ਤੋਂ ਵੱਧ ਇਤਿਹਾਸਕ ਮੰਦਰ ਬਣਾਏ ਗਏ ਹਨ। ਲੋਕ ਨਾ ਸਿਰਫ਼ ਘਾਟੀ ਵਿੱਚ ਸਗੋਂ ਪੂਰੇ ਦੇਸ਼ ਵਿੱਚ ਉਨ੍ਹਾਂ ਦਾ ਸਤਿਕਾਰ ਕਰਦੇ ਹਨ, ਕਿਉਂਕਿ ਉਹ ਰਾਸ਼ਟਰੀ ਵਿਰਾਸਤ ਦੇ ਪ੍ਰਤੀਕ ਹਨ। ਚੁੱਘ ਨੇ ਕਿਹਾ ਕਿ ਫਾਰੂਕ ਅਬਦੁੱਲਾ ਦੇ ਸ਼ਾਸਨ ਦੌਰਾਨ ਇਨ੍ਹਾਂ ਇਤਿਹਾਸਕ ਸਥਾਨਾਂ ਦੀ ਸੁਰੱਖਿਆ ਲਈ ਕੋਈ ਕਦਮ ਨਹੀਂ ਚੁੱਕੇ ਗਏ ਸਨ। ਅਬਦੁੱਲਾ ਪਰਿਵਾਰ 'ਤੇ ਦੋਸ਼ ਲਗਾਉਂਦੇ ਹੋਏ ਚੁੱਘ ਨੇ ਕਿਹਾ ਕਿ ਸਰਹੱਦ ਪਾਰਲੇ ਆਪਣੇ ਮਾਲਕਾਂ ਦੇ ਇਸ਼ਾਰੇ 'ਤੇ ਨੱਚ ਰਹੇ ਇਸ ਪਰਿਵਾਰ ਦੇ ਲੋਕ ਘਾਟੀ ਦੀ ਇਤਿਹਾਸਕ ਵਿਰਾਸਤ ਨੂੰ ਤਬਾਹ ਕਰਨ 'ਤੇ ਤੁਲੇ ਹੋਏ ਹਨ।
ਉਸਨੇ ਕਿਹਾ ਕਿ ਵਿਨਾਸ਼ਕਾਰੀ ਗਤੀਵਿਧੀਆਂ ਲਈ ਨਜ਼ਰਬੰਦ ਕੀਤੇ ਗਏ ਕੈਦੀਆਂ ਨੂੰ ਰਿਹਾਅ ਕਰਨ ਦੇ ਅਬਦੁੱਲਾ ਦੇ ਵਾਅਦੇ ਨੇ ਜੇਹਾਦੀ ਏਜੰਡੇ ਦੀ ਪਾਲਣਾ ਕਰਨ ਦੇ ਉਸਦੇ ਇਰਾਦੇ ਨੂੰ ਵੀ ਦਰਸਾਇਆ। ਚੁੱਘ ਨੇ ਕਿਹਾ ਕਿ ਭਾਜਪਾ ਪਬਲਿਕ ਸੇਫਟੀ ਐਕਟ ਨੂੰ ਰੱਦ ਕਰਨ ਅਤੇ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦੇ ਐਨਸੀ ਮੈਨੀਫੈਸਟੋ ਦੇ ਵਾਅਦੇ ਦੇ ਸਖ਼ਤ ਖਿਲਾਫ ਹੈ।