ਪੁੰਛ (ਦੇਵ ਇੰਦਰਜੀਤ) : ਸਰਹੱਦੀ ਸੁਰੱਖਿਆ ਫ਼ੋਰਸ ਦੇ ਜਵਾਨਾਂ ਨੇ ਹੋਰ ਏਜੰਸੀਆਂ ਦੀ ਮਦਦ ਨਾਲ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਸਰਹੱਦੀ ਪੁੰਛ ਜ਼ਿਲ੍ਹੇ 'ਚ ਇਕ ਟਿਕਾਣੇ ਤੋਂ ਹਥਿਆਰ ਅਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ ਕੀਤਾ। ਬੀ.ਐੱਸ.ਐੱਫ. ਦੇ ਬੁਲਾਰੇ ਨੇ ਦੱਸਿਆ ਕਿ ਪੁੰਛ ਇਲਾਕੇ 'ਚ ਇਕ ਟਿਕਾਣੇ ਤੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕਰ ਕਰ ਕੇ ਆਜ਼ਾਦੀ ਦਿਵਸ ਤੋਂ ਪਹਿਲਾਂ ਇਕ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਅਸਫ਼ਲ ਕਰ ਦਿੱਤੀ ਗਈ। ਬੁਲਾਰੇ ਨੇ ਦੱਸਿਆ ਕਿ ਖੁਫ਼ੀਆ ਸੂਚਨਾ ਦੇ ਆਧਾਰ 'ਤੇ ਬੀ.ਐੱਸ.ਐੱਫ. ਨੇ ਪੁੰਛ 'ਚ ਮੇਂਢਰ ਦੀ ਮਨਕੋਟ ਤਹਿਸੀਲ ਦੇ ਸੰਗਦ ਪਿੰਡ 'ਚ ਜੰਗਲਾਤ ਖੇਤਰ 'ਚ ਫ਼ੌਜ ਅਤੇ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ ਦੇ ਜਵਾਨਾਂ ਨਾਲ ਸੰਯੁਕਤ ਮੁਹਿੰਮ ਸ਼ੁਰੂ ਕੀਤੀ।
ਤਲਾਸ਼ੀ ਮੁਹਿੰਮ ਦੌਰਾਨ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ ਕੀਤਾ ਗਿਆ। ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀ ਟਿਕਾਣੇ ਤੋਂ 2 ਏ.ਕੇ.-47 ਰਾਈਫ਼ਲ, ਚਾਰ ਏ.ਕੇ.-47 ਮੈਗਜ਼ੀਨ, ਇਕ ਚੀਨੀ ਪਿਸਤੌਲ, 10 ਪਿਸਟਲ ਮੈਗਜ਼ੀਨ, ਇਕ ਸੈੱਟ ਆਈ-ਕਾਮ, ਚਾਰ ਚੀਨੀ ਗ੍ਰਨੇਡ, ਚਾਰ ਨਾਨ-ਇਲੈਕਟ੍ਰਿਕ ਡੇਟੋਨੇਟਰ, ਚੀਨੀ ਗ੍ਰਨੇਡ ਦੇ 15 ਫਿਊਜ਼ ਡੇਟੋਨੇਟਰ, ਏ.ਕੇ.-47 ਦੇ 257 ਕਾਰਤੂਸ, 68 ਰਾਊਂਡ 9 ਐੱਮ.ਐੱਮ. ਚੀਨੀ ਗੋਲਾ ਬਾਰੂਦ ਅਤੇ 23 ਰਾਊਂਡ 7.65 ਐੱਮ.ਐੱਮ. ਗੋਲਾ ਬਾਰੂਦ ਬਰਾਮਦ ਕੀਤੇ। ਇਸ ਤੋਂ ਇਲਾਵਾ 2 ਮੋਬਾਇਲ ਫੋਨ, 12 ਬੈਟਰੀ ਮੋਬਾਇਲ ਚਾਰਜਰ ਅਤੇ ਦੋ 9 ਵੋਲਟ ਦੀ ਬੈਟਰੀ ਵੀ ਬਰਾਮਦ ਕੀਤੀਆਂ ਗਈਆਂ।